*ਰਾਜਾ ਵੜਿੰਗ ਦਾ ਵੱਡਾ ਦਾਅਵਾ.. ਕੈਪਟਨ ਨੇ ਬਾਦਲਾਂ ਨਾਲ ਮਿਲੀਭੁਗਤ ਕਰਕੇ ਸਾਢੇ ਚਾਰ ਸਾਲ ਲੁੱਟ ਮਚਾਈ ਰੱਖੀ*

0
30

ਜਲੰਧਰ 15,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੇ ਵਸੀਲਿਆਂ ਦੀ ਲੁੱਟ ਲਈ ਸਿੱਧੇ ਤੌਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਾਦਲਾਂ ਨਾਲ ਮਿਲੀਭੁਗਤ ਕਰਕੇ ਸਾਢੇ ਚਾਰ ਸਾਲ ਲੁੱਟ ਮਚਾਈ ਰੱਖੀ। ਉਨ੍ਹਾਂ ਕਿਹਾ ਕਿ ਕੈਪਟਨ ਦੇ ਕਾਰਜਕਾਲ ਦੌਰਾਨ 6600 ਕਰੋੜ ਦੇ ਮਾਲੀਏ ਦੀ ਚੋਰੀ ਹੋਈ ਹੈ ਜਦਕਿ ਇਸ ਪੈਸੇ ਨਾਲ ਪੰਜਾਬ ਦੀ ਤਰੱਕੀ ਤੇ ਵਿਕਾਸ ਦੇ ਹੋਰ ਕਾਰਜ ਹੋਣੇ ਸਨ।

ਵੜਿੰਗ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸੱਤਾ ਦੇ 10 ਸਾਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲਾਂ ਦਾ ਜਿਹੜਾ ਸਾਢੇ 14 ਸਾਲਾਂ ਦਾ ਕਾਰਜਕਾਲ ਰਿਹਾ ਸੀ, ਇਸ ਸਮੇਂ ਵਿੱਚ ਇੱਕ ਕਰੋੜ ਰੁਪਏ ਰੋਜ਼ਾਨਾ ਪੰਜਾਬ ਦਾ ਨੁਕਸਾਨ ਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਸੱਚ ਲਿਆਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਪੁਰਾਣੀ ਕਿਸੇ ਵੀ ਗ਼ੈਰਵਾਜਬ ਕਾਰਵਾਈ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨੂੰ ਦਿੱਲੀ ਏਅਰਪੋਰਟ ਤੱਕ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਆਗਿਆ ਨਾ ਦੇਣਾ ਕੇਜਰੀਵਾਲ ਦੀ ਬਾਦਲਾਂ ਨਾਲ ਮਿਲੀਭੁਗਤ ਲੋਕਾਂ ਸਾਹਮਣੇ ਬੇਪਰਦ ਹੋਈ ਹੈ।

ਉਧਰ, ਇੱਕ ਪਾਸੇ ਰਾਜਾ ਵੜਿੰਗ ਸਣੇ ਕਈ ਕਾਂਗਰਸੀ ਲੀਡਰ ਕੈਪਟਨ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਕਈ ਲੀਡਰ ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ਦੀ ਵਕਾਲਤ ਕਰ ਰਹੇ ਹਨ। ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਆਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਮੁੜ ਆਉਣਾ ਚਾਹੀਦਾ ਹੈ ਤੇ ਮਿਲ ਕੇ ਇਕੱਠੇ ਪਾਰਟੀ ਨਾਲ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕੈਪਟਨ ਦੀ ਵਾਪਸੀ ਬਾਰੇ ਚਰਚਾ ਵੀ ਚੱਲ ਰਹੀ ਹੈ ਤੇ ਪਾਰਟੀ ਦੇ ਮੈਂਬਰ ਚਾਹੁੰਦੇ ਹਨ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਨਾਲ ਮਿਲ ਕੇ ਚੱਲਣ।

LEAVE A REPLY

Please enter your comment!
Please enter your name here