ਮਾਨਸਾ, 30 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀਂ ਵੱਲੋਂ ਜਾਰੀ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 01.01.2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਜ਼ਿਲ੍ਹਾ ਚੋਣ ਅਫਸਰ, ਮਾਨਸਾ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਧੀਕ ਜ਼ਿਲ੍ਹਾ ਚੋਣ ਅਫਸਰ, ਸ੍ਰੀ ਰਵਿੰਦਰ ਸਿੰਘ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਯੋਗਤਾ ਮਿਤੀ 01.01.2024 ਦੇ ਆਧਾਰ ’ਤੇ ਡਰਾਫਟ ਵੋਟਰ ਸੂਚੀ ਅਨੁਸਾਰ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 584837 ਵੋਟਰ ਹਨ, ਜਿੰਨ੍ਹਾਂ ਵਿੱਚ 310013 ਪੁਰਸ਼, 274813 ਇਸਤਰੀਆਂ ਅਤੇ 11 ਤੀਜਾ ਲਿੰਗ ਵੋਟਰ ਹਨ। ਜ਼ਿਲ੍ਹੇ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਕੁੱਲ 645 ਪੋਲਿੰਗ ਸਟੇਸ਼ਨਾ (ਚੋਣ ਹਲਕਾ 96-ਮਾਨਸਾ ਵਿੱਚ 223 ਪੋਲਿੰਗ ਸਟੇਸ਼ਨ, ਚੋਣ ਹਲਕਾ 97-ਸਰਦੂਲਗੜ੍ਹ ਵਿੱਚ 206 ਪੋਲਿੰਗ ਸਟੇਸ਼ਨ ਅਤੇ ਚੋਣ ਹਲਕਾ 98-ਬੁਢਲਾਡਾ (ਅ.ਜ.) ਵਿੱਚ 216 ਪੋਲਿੰਗ ਬੂਥ) ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਯੋਗਤਾ ਮਿਤੀ 01.01.2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਜਾਣੂ ਕਰਵਾਇਆ ਕਿ ਸਪੈਸ਼ਲ ਸੁਧਾਈ ਲਈ 04 ਨਵੰਬਰ, 05 ਨਵੰਬਰ, 02 ਦਸੰਬਰ ਅਤੇ 03 ਦਸੰਬਰ 2023 ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਇਸ ਦੌਰਾਨ ਬੀ.ਐਲ.ਓਜ਼ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਡਰਾਫਟ ਵੋਟਰ ਸੂਚੀ ਮਿਤੀ 27.10.2023 ਦੇ ਆਧਾਰ ’ਤੇ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਮਿਤੀ 01.01.2024 ਨੂੰ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਪੂਰੀ ਕਰਦਾ ਹੈ, ਤਾਂ ਉਹ ਇੰਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਆਪਣੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਸਬੰਧਤ ਬੀ.ਐਲ.ਓ. ਪਾਸ ਫਾਰਮ ਨੰਬਰ 6 ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦਾ ਹੈ, ਫਾਰਮ ਨੰਬਰ 7 ਭਰ ਕੇ ਵੋਟ ਕਟਵਾ ਸਕਦਾ ਹੈ ਅਤੇ ਫਾਰਮ ਨੰਬਰ 8 ਭਰ ਕੇ ਆਪਣੀ ਪਹਿਲਾ ਰਜਿਸਟਰਡ ਵੋਟ ਵਿੱਚ ਸੋਧ ਕਰਵਾ ਸਕਦਾ ਹੈ।
ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੀ.ਐਲ.ਏ. (ਬੂਥ ਲੇਵਲ ਏਜੰਟ) ਨਿਯੁਕਤ ਕਰਨ ਦੀ ਅਪੀਲ ਕੀਤੀ ਅਤੇ ਵਿਧਾਨ ਸਭਾ ਚੋਣ ਹਲਕੇਵਾਰ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਅ.ਜ) ਦੇ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈੱਟ, ਬਿਨਾਂ ਫੋਟੋ ਵੋਟਰ ਸੂਚੀਆਂ ਦੀ ਇੱਕ-ਇੱਕ ਸੀਡੀ. ਅਤੇ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਪ੍ਰਮਾਣਿਤ ਪੋਲਿੰਗ ਸਟੇਸ਼ਨਾਂ ਦੀ ਲਿਸਟ ਸੌਂਪੀ।
ਇਸ ਮੌਕੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ੍ਰੀ ਗੁਰਮੀਤ ਸਿੰਘ, ਆਮ ਆਦਮੀ ਪਾਰਟੀ, ਸ਼੍ਰੀ ਕਾਕਾ ਸਿੰਘ ਮਠਾੜੂ, ਸ਼੍ਰੋੋਮਣੀ ਅਕਾਲੀ ਦਲ, ਸ਼੍ਰੀ ਵਿਨੋਦ ਬਾਂਸਲ, ਭਾਰਤੀ ਜਨਤਾ ਪਾਰਟੀ, ਤਹਿਸੀਲਦਾਰ ਚੋਣਾਂ ਹਰੀਸ਼ ਕੁਮਾਰ, ਚੋਣ ਕਾਨੂੰਗੋ ਵਰੁਣ ਕੁਮਾਰ ਗੋਇਲ, ਚੋਣ ਕਲਰਕ ਰਾਜੇਸ਼ ਯਾਦਵ ਅਤੇ ਦੀਪਕ ਮੋਹਨ ਹਾਜ਼ਰ ਸਨ।