ਚੰਡੀਗੜ੍ਹ 27,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਦੇ ਬਾਗੀ ਤੇਵਰ ਦੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਕੁਝ ਨਹੀਂ ਕਰ ਰਹੀ ਤੇ ਲੋਕਾਂ ਨੇ ਕਾਂਗਰਸ ਦਾ ਤਮਾਸ਼ਾ ਬਣਾ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਹਾਈਕਮਾਂਡ ਕਾਰਵਾਈ ਕਰਨ ਦੀ ਬਜਾਏ ਤਮਾਸ਼ਾ ਦੇਖ ਰਹੀ ਹੈ।
ਵੇਰਕਾ ਨੇ ਕਿਹਾ ਕਿ ਲੋਕ ਬਾਹਰ ਆ ਕੇ ਗੱਲ ਕਰ ਰਹੇ ਹਨ ਕਿ ਪਾਰਟੀ ਪਲੇਟਫਾਰਮ ‘ਤੇ ਕੀ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਵਰਕਰ ਅੱਜ ਗੁੱਸੇ ਵਿੱਚ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਤੁਸੀਂ ਦੇਖੋਗੇ ਕਿ ਇੱਕ ਦਿਨ ਲੋਕ ਕਾਂਗਰਸ ਨੂੰ ਛੱਡ ਦੇਣਗੇ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਲਿਤਾਂ ‘ਤੇ ਦਿੱਤੇ ਬਿਆਨ ਤੋਂ ਬਾਅਦ ਸਾਬਕਾ ਮੰਤਰੀ ਅਤੇ ਦਲਿਤ ਆਗੂ ਰਾਜਕੁਮਾਰ ਵੇਰਕਾ ਨੇ ਜਾਖੜ ਨੂੰ ਬਾਬਾ ਅੰਬੇਡਕਰ ਸਾਹਿਬ ਦੀ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਸੀ। ਸੁਨੀਲ ਜਾਖੜ ਨੇ ਇਕ ਇੰਟਰਵਿਊ ‘ਚ ਦਲਿਤਾਂ ਖਿਲਾਫ ਅਪਮਾਨਜਨਕ ਸ਼ਬਦ ਕਹੇ ਸਨ ਅਤੇ ਉਨ੍ਹਾਂ ਨੂੰ ਹੇਠਾਂ ਤੋਂ ਚੁੱਕ ਕੇ ਸਿਰ ‘ਤੇ ਨਾ ਬਿਠਾਉਣ ਦੀ ਗੱਲ ਕਹੀ ਸੀ। ਜਾਖੜ ਦੇ ਇਸ ਬਿਆਨ ‘ਤੇ
ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦਾ ਗੁੱਸਾ ਫੁੱਟਿਆ ਸੀ। ਸਾਬਕਾ ਮੰਤਰੀ ਵੇਰਕਾ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਛੋਟੀ ਮਾਨਸਿਕਤਾ ਦੱਸਿਆ। ਵੇਰਕਾ ਨੇ ਕਿਹਾ ਕਿ ਜਾਖੜ ਦੀ ਇਨਸਾਨੀਅਤ ਮਰ ਚੁੱਕੀ ਹੈ। ਜਾਖੜ ਖੁਦ ਮੁੱਖ ਮੰਤਰੀ ਨਹੀਂ ਬਣ ਸਕੇ, ਜਿਸ ਕਾਰਨ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜਾਖੜ ਨੇ ਦਲਿਤ ਭਾਈਚਾਰੇ ਖਿਲਾਫ ਜੋ ਵੀ ਕਿਹਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਾਖੜ ਨੂੰ ਦਲਿਤ ਭਾਈਚਾਰੇ ਅਤੇ ਬਾਬਾ ਭੀਮ ਰਾਓ ਅੰਬੇਦਕਰ ਦੀ ਕੌਮ ਤੋਂ ਮੁਆਫੀ ਮੰਗਣੀ ਪਵੇਗੀ।ਨਹੀਂ ਤਾਂ ਦਲਿਤ ਭਾਈਚਾਰਾ ਕਾਂਗਰਸ ਹਾਈਕਮਾਂਡ ਨੂੰ ਜਾਖੜ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਲਈ ਮਜਬੂਰ ਕਰ ਦੇਵੇਗਾ।