ਚੰਡੀਗੜ੍ਹ: ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਮਗਰੋਂ ਇੱਕ ਵਾਰ ਮੁੜ ਕਿਸਾਨ ਅੰਦੋਲਨ ਤੇਜ਼ ਹੋਣ ਜਾ ਰਿਹਾ ਹੈ। ਕਿਸਾਨਾਂ ਨੇ ਅੰਦੋਲਨ ਬਾਰੇ ਨਵੀਂ ਰਣਨੀਤੀ ਘੜ ਲਈ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਚੁਣੌਤੀ ਭਰਪੂਰ ਟਵੀਟ ਕੀਤਾ ਹੈ ਜਿਸ ਤੋਂ ਸਪਸ਼ਟ ਹੈ ਕਿ ਕਿਸਾਨ ਹੁਣ ਸਰਕਾਰ ਨੂੰ ਮੁੜ ਵਖਤ ਪਾਉਣਗੇ।
ਟਿਕੈਤ ਨੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ 26 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਟਿਕੈਤ ਨੇ ਕਿਹਾ ਹੈ ਕਿ 26 ਨਵੰਬਰ ਤੱਕ ਮੰਗਾਂ ਨਾ ਮੰਨੀਆਂ ਤਾਂ 27 ਨਵੰਬਰ ਨੂੰ ਪਿੰਡਾਂ ਤੋਂ ਟਰੈਕਟਰਾਂ ਨਾਲ ਦਿੱਲੀ ਨੂੰ ਚਾਰ ਪਾਸਿਆਂ ਤੋਂ ਘੇਰਿਆ ਜਾਵੇਗਾ। ਉਨ੍ਹਾਂ ਨੇ 26 ਨਵੰਬਰ ਤੋਂ ਬਾਅਦ ਮੁੜ ਦਿੱਲੀ ਬਾਰਡਰ ‘ਤੇ ਵੱਡੀ ਗਿਣਤੀ ਟਰੈਕਟਰ ਲਿਆਉਣ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਕੋਲ 26 ਨਵੰਬਰ ਤੱਕ ਦਾ ਸਮਾਂ ਹੈ। ਉਸ ਤੋਂ ਬਾਅਦ 27 ਨਵੰਬਰ ਤੋਂ ਕਿਸਾਨ ਪਿੰਡਾਂ ਤੋਂ ਟਰੈਕਟਰਾਂ ਰਾਹੀਂ ਦਿੱਲੀ ਦੇ ਆਲੇ-ਦੁਆਲੇ ਅੰਦੋਲਨ ਵਾਲੀਆਂ ਥਾਵਾਂ ‘ਤੇ ਪਹੁੰਚਣਗੇ। ਉਹ ਅੰਦੋਲਨ ਤੇ ਅੰਦੋਲਨ ਵਾਲੀ ਥਾਂ ‘ਤੇ ਪੱਕੀ ਕਿਲੇਬੰਦੀ ਕਰਕੇ ਟੈਂਟ ਲਾਉਣਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਸੀ ਕਿ ਜੇਕਰ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਦੇਸ਼ ਭਰ ਦੇ ਸਰਕਾਰੀ ਦਫਤਰਾਂ ਨੂੰ ਗੱਲਾ ਮੰਡੀ ‘ਚ ਬਦਲ ਦੇਣਗੇ। ਪਿਛਲੇ ਹਫਤੇ ਟਿਕੈਤ ਨੇ ਕਿਹਾ ਸੀ ਕਿ ਜੇਕਰ ਦਿੱਲੀ ਬਾਰਡਰ ਖੁੱਲ੍ਹਦਾ ਹੈ ਤਾਂ ਅਨਾਜ ਸਿੱਧੇ ਸੰਸਦ ਵਿੱਚ ਲਿਜਾ ਕੇ ਵੇਚਿਆ ਜਾਵੇਗਾ। ਟਿਕੈਤ ਦਾ ਟਵੀਟ ਦਿੱਲੀ ਪੁਲਿਸ ਵੱਲੋਂ ਗਾਜ਼ੀਪੁਰ ਤੇ ਟਿੱਕਰੀ ਸਰਹੱਦਾਂ ਤੋਂ ਵੱਡੇ ਸੀਮਿੰਟ ਬਲਾਕ ਤੇ ਬੈਰੀਕੇਡ ਹਟਾਉਣ ਤੋਂ ਬਾਅਦ ਆਇਆ ਹੈ।