
ਅਲਵਰ 02,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਕਾਫਲੇ ਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਰਾਕੇਸ਼ ਟਿਕੈਤ ਦੇ ਕਾਫਲੇ ਤੇ ਇਹ ਹਮਲਾ ਰਾਜਸਥਾਨ ਦੇ ਅਲਵਰ ਵਿੱਚ ਹੋਇਆ ਹੈ।ਟਿਕੈਤ ਅੱਜ ਅਲਵਰ ਜ਼ਿਲ੍ਹੇ ਦੇ ਬਾਂਸੂਰ ਵਿੱਚ ਕਿਸਾਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਸੀ।ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਰਸਤੇ ਵਿੱਚ, ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਤਾਤਾਰਪੁਰ ਚੌਰਾਹੇ ਨੇੜੇ ਟਿਕੈਤ ਦੇ ਕਾਫਿਲੇ ‘ਤੇ ਸਿਆਹੀ ਸੁੱਟ ਦਿੱਤੀ ਅਤੇ ਉਨ੍ਹਾਂ ਗੱਡੀਆਂ ਦੇ ਸ਼ੀਸ਼ੇ ਵੀ ਭੰਨੇ।ਉਨ੍ਹਾਂ ਰਾਕੇਸ਼ ਟਿਕੈਤ ਮੁਰਦਾਬਾਦ ਦੇ ਨਾਲ ਟਿਕੈਤ ‘Go Back’ (ਟਿਕੈਤ ਵਾਪਿਸ ਜਾਓ) ਦੇ ਨਾਅਰੇ ਲਗਾਏ।

ਰਾਕੇਸ਼ ਟਿਕਟ ਨੇ ਕਿਹਾ, “ਕਾਰ ਦਾ ਸ਼ੀਸ਼ਾ ਟੁੱਟ ਗਿਆ ਸੀ। ਇੱਕ ਭਾਜਪਾ ਵਿਧਾਇਕ ਨੇ ਲੋਕਾਂ ਨੂੰ ਭੇਜਿਆ ਸੀ ਅਤੇ ਉਨ੍ਹਾਂ ਹੱਥੋਂਪਾਈ ਕੀਤੀ।ਸਾਡੇ ਸਮਰਥਕਾਂ ਨਾਲ ਕੁੱਟਮਾਰ ਕੀਤੀ ਗਈ।ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਪਰ ਸਾਡੀ ਲਹਿਰ ਰੁਕਣ ਵਾਲੀ ਨਹੀਂ ਹੈ।”
ਇਸ ਹੰਗਾਮੇ ਤੋਂ ਬਾਅਦ, ਟਿਕੈਤ ਸਮਰਥਕ ਅਤੇ ਵਿਰੋਧੀ ਇੱਕ ਦੂਜੇ ਨਾਲ ਉਲਝ ਗਏ।ਟਿਕੈਤ ਸਮਰਥਕ ਉਸੇ ਚੌਂਕ ਵਿੱਚ ਬੈਠ ਗਏ ਅਤੇ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਲੱਗੇ।ਟਿਕੈਤ ਫਿਰ ਬਾਂਸੁਰ ਲਈ ਰਵਾਨਾ ਹੋ ਗਏ।
