*ਯੂਪੀ ਦੇ ਮੁੱਖ ਮੰਤਰੀ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਪ੍ਰਤੀ ਦਿੱਤੇ ਬਿਆਨ ਦੀ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਪੰਜਾਬ ਪੁਰਜੋਰ ਨਿੰਦਾ ਕਰਦੀ ਹੈ:ਗੋਇਲ*

0
623

ਮਾਨਸਾ 2 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੱਲੋਂ ਪਿਛਲੇ ਦਿਨੀ ਯੂਪੀ ਵਿੱਚ ਕੰਮ ਕਰਦੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪ੍ਰਤੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਿਨਾਂ ਰਜਿਸਟਰੇਸ਼ਨ ਦੇ ਕੰਮ ਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਅਤੇ ਕਿਹਾ ਹੈ ਕਿ ਇਹਨਾਂ ਇਹਨਾਂ ਦੀਆਂ ਦੁਕਾਨਾਂ ਤੁਰੰਤ ਸੀਲ ਕਰਕੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਅਤੇ ਉਹਨਾਂ ਦੀ ਆਰਥਿਕ ਲੁੱਟ ਨਾ ਹੋਵੇ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਇਸ ਫਰਮਾਨ ਦੀ ਘੋਰ ਨਿੰਦਾ ਕਰਦੀ ਹੈ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਕੱਤਰ ਗੁਰਮੇਲ ਸਿੰਘ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੇ ਸਮੇਂ ਵਿੱਚ ਜਦੋਂ ਵੱਡੇ ਹਸਪਤਾਲਾਂ ਨੂੰ ਜਿੰਦੇ ਵੱਜੇ ਹੋਏ ਸਨ ਤਾਂ ਇਹਨਾਂ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਹੀ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਅਤੇ ਦਹਿਸ਼ਤ ਦੇ ਸਾਏ ਵਿੱਚੋਂ ਕੱਢਣ ਦੇ ਪੁਰਜੋਰ ਯਤਨ ਕੀਤੇ ਸਨ। ਹੜ੍ਹਾਂ ਵਰਗੀਆਂ ਕੁਦਰਤੀ ਆਫਤਾਂ ਅਤੇ ਮਹਾਂਮਾਰੀਆਂ ਮੌਕੇ ਵੀ ਇਹੀ ਲੋਕ ਹਮੇਸ਼ਾ ਮੋਹਰਲੀ ਕਤਾਰ ਵਿੱਚ ਰਹਿੰਦੇ ਹਨ। ਵੱਡੀ ਗਿਣਤੀ ਵਿੱਚ ਕਿਰਤੀ ਵਰਗ ਜੋ ਬੇਰੁਜ਼ਗਾਰੀ ਦੀ ਮਾਰ ਹੇਠ ਹੈ, ਜੋ ਬਹੁਤ ਥੋੜ੍ਹੀ ਦਿਹਾੜੀ ਨਾਲ ਆਪਣੀ ਗੁਜਰ ਬਸਰ ਕਰਦੇ ਹਨ, ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾਉਣ ਚ ਅਸਮਰੱਥ ਹਨ। ਉਕਤ ਮੈਡੀਕਲ ਪ੍ਰੈਕਟੀਸ਼ਨਰ ਹੀ ਉਹਨਾਂ ਦਾ ਇੱਕ ਮਾਤਰ ਸਹਾਰਾ ਹਨ। ਜੋ ਉਹਨਾਂ ਨੂੰ 24 ਘੰਟੇ ਉਧਾਰੀਆਂ ਸਧਾਰੀਆਂ ਤੇ ਸੌਖੀਆਂ ਸਿਹਤ ਸੇਵਾਵਾਂ ਦਿੰਦੇ ਹਨ। ਬਣਦਾ ਤਾਂ ਇਹ ਹੈ ਕਿ ਸਰਕਾਰ ਇਹਨਾਂ ਲਈ ਕੋਈ ਟ੍ਰੇਨਿੰਗ ਦਾ ਪ੍ਰਬੰਧ ਕਰਕੇ ਮਾਨ ਤੇ ਸਨਮਾਨ ਨਾਲ ਇਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਦੇਵੇ। ਤਾਂ ਜੋ ਸਵੈ ਰੁਜ਼ਗਾਰ ਚਲਾ ਰਹੇ ਉਕਤ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਅਕੈਡਮਿਕ ਘਾਟਾਂ ਕਮਜੋਰੀਆਂ ਵੀ ਦੂਰ ਹੋ ਜਾਣ ਅਤੇ ਉਹਨਾਂ ਦੇ ਰੁਜ਼ਗਾਰ ਦੇ ਪੱਕੇ ਪ੍ਰਬੰਧ ਵੀ ਹੋ ਜਾਣ। ਪਰ ਅਫਸੋਸ ਸਰਕਾਰਾਂ ਵੱਲੋਂ ਇਹਨਾਂ ਨੂੰ ਜੇਲ੍ਹਾਂ ਚ ਸੁੱਟਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜੇ ਯੋਗੀ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਇੰਨਾ ਹੀ ਫਿਕਰ ਹੈ ਤਾਂ ਉਹ ਪਹਿਲਾਂ ਨਕਲੀ ਡਿਗਰੀਆਂ ਵੇਚਣ ਵਾਲਿਆਂ, ਬਿਨਾਂ ਡਿਗਰੀਆਂ ਦੀ ਪੜਤਾਲ ਕਰੇ ਰਜਿਸਟਰੇਸ਼ਨਾਂ ਦੇਣ ਵਾਲਿਆਂ ਅਤੇ ਨਕਲੀ ਦਵਾਈਆਂ ਵੇਚ ਵੇਚ ਕੇ ਲੋਕਾਂ ਦੀਆਂ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਵੱਡੇ ਘੁਟਾਲੇ ਬਾਜਾਂ ਦੇ ਖਿਲਾਫ ਕਾਰਵਾਈ ਕਰੇ। ਉਹਨਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਡਰਨ ਘਬਰਾਉਣ ਦੀ ਬਜਾਏ ਸਰਕਾਰਾਂ ਦੇ ਧੱਕੜ ਰਵਈਏ ਖਿਲਾਫ ਵੱਡੀ ਪੱਧਰ ਤੇ ਜਥੇਬੰਦ ਹੋਣ ਅਤੇ ਸੰਘਰਸ਼ਾਂ ਦੇ ਝੰਡੇ ਚੱਕਣ ਲਈ ਤਿਆਰ ਹੋਣਾ ਚਾਹੀਦਾ ਹੈ।

LEAVE A REPLY

Please enter your comment!
Please enter your name here