ਯੂਥ ਕਲੱਬਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਣੂ

0
26

ਮਾਨਸਾ, 12 ਅਗਸਤ (ਸਾਰਾ ਯਹਾ/ਜੋਨੀ ਜਿੰਦਲ) : ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਚਲਾਈ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਯੂਥ ਕਲੱਬਾਂ ਵੱਲੋਂ ਲੋਕਾਂ ਨੂੰ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਮੁਹਿੰਮ ਅਧੀਨ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾ, ਇਸ ਤੋਂ ਬਚਾਅ ਅਤੇ ਸਿਹਤ ਸਾਵਧਾਨੀਆਂ ਵਰਤਣ ਸਬੰਧੀ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਗਰੂਕਤਾ ਪਰਚਿਆਂ ਦੀ ਵੀ ਵੰਡ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਦੇ ਨੱਕ ਜਾਂ ਮੂੰਹ ਦੇ ਛਿੱਟੇ ਦੇ ਸੰਪਰਕ ਵਿੱਚ ਆਉਣ ਨਾਲ ਲੱਗਦੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਦੇ ਛਿੱਕਣ ਜਾਂ ਖਾਂਸੀ ਕਰਨ ਤੋਂ ਬਾਅਦ ਜਿਸ ਨਰਜੀਵ ਜਾਂ ਸਤਹ ‘ਤੇ ਛਿੱਟੇ ਪੈ ਜਾਂਦੇ ਹਨ, ਉਸਨੂੰ ਛੂਹਣ ਤੋਂ ਬਾਅਦ ਅੱਖਾਂ, ਨੱਕ ਜਾਂ ਮੂੰਹ ਰਾਹੀਂ ਫੇਫੜਿਆਂ ਤੱਕ ਪਹੁੰਚਦਾ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਸਬੰਧੀ ਜਿਵੇਂ ਸਮੇਂ-ਸਮੇਂ ‘ਤੇ ਹੱਥਾਂ ਨੂੰ ਸਾਬਨ ਨਾ ਧੋਣਾ, ਕਿਸੇ ਵੀ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਛਿੱਕਦੇ ਜਾਂ ਖਾਂਸੀ ਕਰਦੇ ਸਮੇਂ ਮੂੰਹ ਨੂੰ ਟਿਸ਼ੂ ਪੇਪਰ ਜਾਂ ਰੁਮਾਲ ਨਾਲ ਢੱਕਿਆ ਹੋਵੇ ਜਾਂ ਨੱਕ ਨੂੰ ਕੂਹਣੀ ਨਾਲ ਢੱਕਿਆ ਹੋਵੇ, ਬੁਖ਼ਾਰ ਖਾਂਸੀ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ ਤਾਂ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਈ ਜਾਵੇ, ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਰਪੰਚ ਪਿੰਡ ਫਫੜੇ ਭਾਈਕੇ ਇਕਬਾਲ ਸਿੰਘ, ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗੇਹਲੇ ਦੇ ਪ੍ਰਧਾਨ ਜਗਸੀਰ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ, ਗੁਰਪ੍ਰੀਤ ਸਿੰਘ, ਡਿੰਪਲ, ਜਸਵੰਤ ਕੌਰ, ਸਿਮਰਜੀਤ ਸਿੰਘ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਸਾਵਧਾਨੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।  

NO COMMENTS