ਫਗਵਾੜਾ 1 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਸਮੂਹ ਸੀਨੀਅਰ ਪਾਰਟੀ ਆਗੂਆਂ ਦੀ ਮੀਟਿੰਗ ਸਥਾਨਕ ਰੈਸਟ ਹਾਉਸ ਫਗਵਾੜਾ ਵਿਖੇ ਹੋਈ। ਜਿਸ ਵਿਚ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਕਾਰਪੋਰੇਸ਼ਨ ਚੋਣਾਂ ਲਈ ਪਾਰਟੀ ਵਲੋਂ ਥਾਪੇ ਗਏ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਮੀਟਿੰਗ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਝਟਕਾ ਦਿੰਦੇ ਹੋਏ ਜੋਗਿੰਦਰ ਮਾਨ ਅਤੇ ਡਾ. ਚੱਬੇਵਾਲ ਨੇ ਯੂਥ ਅਕਾਲੀ ਦਲ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਰਣਜੀਤ ਸਿੰਘ ਫਤਿਹ ਨੂੰ ਆਪ ਪਾਰਟੀ ਵਿਚ ਸ਼ਾਮਲ ਕਰਵਾਇਆ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਰਣਜੀਤ ਸਿੰਘ ਫਤਿਹ ਵਰਗੇ ਜੁਝਾਰੂ ਨੌਜਵਾਨਾਂ ਦੀ ਆਮਦ ਨਾਲ ਜਿੱਥੇ ਪਾਰਟੀ ਨੂੰ ਫਗਵਾੜਾ ਹਲਕੇ ‘ਚ ਮਜਬੂਤੀ ਮਿਲੇਗੀ ਉੱਥੇ ਹੀ ਨਗਰ ਨਿਗਮ ਚੋਣਾਂ ‘ਚ ਵੀ ਨੌਜਵਾਨਾਂ ਦਾ ਰੁਝਾਨ ਆਪ ਪਾਰਟੀ ਵੱਲ ਰਹੇਗਾ ਅਤੇ ਆਪ ਪਾਰਟੀ ਪ੍ਰਤੀ ਹਰੇਕ ਵਰਗ ਦੇ ਝੁਕਾਅ ਨੂੰ ਦੇਖਦੇ ਹੋਏ ਫਗਵਾੜਾ ਕਾਰਪੋਰੇਸ਼ਨ ਚੋਣਾਂ ‘ਚ ਪਾਰਟੀ ਦੀ ਜਿੱਤ ਯਕੀਨੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਮੀਟਿੰਗ ‘ਚ ਹਾਜਰ ਸੀਨੀਅਰ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਰਾਜਕੁਮਾਰ ਚੱਬੇਵਾਲ ਨੇ ਕਾਰਪੋਰੇਸ਼ਨ ਚੋਣਾਂ ਪੂਰੀ ਇੱਕਜੁਟਤਾ ਦੇ ਨਾਲ ਲੜਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਅਤੇ ਸ਼ਹਿਰੀ ਵਿਕਾਸ ਲਈ ਇਹ ਕਾਰਪੋਰੇਸ਼ਨ ਚੋਣਾਂ ਬਹੁਤ ਅਹਿਮ ਹਨ। ਕਿਉਂਕਿ ਸ਼ਹਿਰੀ ਵਿਕਾਸ ਨੂੰ ਤਾਂ ਹੀ ਪੂਰੀ ਰਫਤਾਰ ਅਤੇ ਬਿਨਾ ਕਿਸੇ ਰੁਕਾਵਟ ਤੋਂ ਕਰਵਾਇਆ ਜਾ ਸਕੇਗਾ ਜੇਕਰ ਕਾਰਪੋਰੇਸ਼ਨਾਂ ‘ਚ ਆਪ ਪਾਰਟੀ ਦਾ ਕਬਜਾ ਹੋਵੇਗਾ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਲਲਿਤ ਸਕਲਾਨੀ, ਪੰਜਾਬ ਸਪੋਕਸ ਪਰਸਨ ਹਰਨੂਰ ਸਿੰਘ ਮਾਨ, ਸੀਨੀਅਰ ਆਗੂ ਹਰਮੇਸ਼ ਪਾਠਕ, ਦਲਜੀਤ ਰਾਜੂ ਦਰਵੇਸ਼ ਪਿੰਡ, ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇਮਪਰੂਵਮੈਂਟ ਟਰੱਸਟ ਫਗਵਾੜਾ, ਗੁਰਦੀਪ ਸਿੰਘ ਦੀਪਾ, ਜਸਪਾਲ ਸਿੰਘ, ਜਿਲ੍ਹਾ ਸਕੱਤਰ ਅਸ਼ੋਕ ਭਾਟੀਆ, ਡਾ. ਜਤਿੰਦਰ ਸਿੰਘ ਪਰਹਾਰ ਜਿਲ੍ਹਾ ਸਕੱਤਰ (ਡਾਕਟਰ ਸੈਲ), ਸੰਤੋਸ਼ ਕੁਮਾਰ ਗੋਗੀ ਪ੍ਰਧਾਨ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ, ਅਮਨਿੰਦਰ ਸਿੰਘ, ਜਤਿੰਦਰ ਸਿੰਘ ਆਦਿ ਹਾਜਰ ਸਨ।