
ਚੰਡੀਗੜ੍ਹ, 14 ਦਸੰਬਰ, 2024:(ਸਾਰਾ ਯਹਾਂ/ਬਿਊਰੋ ਨਿਊਜ਼) ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਖਨੌਰੀ ਬਾਰਡਰ ਵਿਖੇ ਲੱਗੇ ਕਿਸਾਨੀ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣਾ ਸਮਰਥਨ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਵੀ ਮੁਲਾਕਾਤ ਕੀਤੀ।
ਝਿੰਝਰ ਨੇ ਕਿਸਾਨਾਂ ਦੀ ਦੁਰਦਸ਼ਾ ਪ੍ਰਤੀ ਭਾਜਪਾ ਸਰਕਾਰ ਦੀ ਬੇਰੁਖ਼ੀ ਦੀ ਸਖ਼ਤ ਨਿਖੇਧੀ ਕੀਤੀ। ਝਿੰਜਰ ਨੇ ਕਿਹਾ, “ਕਿਸਾਨਾਂ ਦੀਆਂ ਮੰਗਾਂ ਪ੍ਰਤੀ ਭਾਜਪਾ ਸਰਕਾਰ ਦੀ ਉਦਾਸੀਨਤਾ ਭਿਆਨਕ ਹੈ। ਉਨ੍ਹਾਂ ਨੇ ਸਾਡੇ ਕਿਸਾਨਾਂ ਦੇ ਦੁੱਖਾਂ ਅਤੇ ਮੰਗਾਂ ਵਲੋਂ ਮੂੰਹ ਮੋੜ ਲਿਆ ਹੈ, ਅਤੇ ਇਹ ਹੁਣ ਸਮਾਂ ਹੈ ਕਿ ਉਹ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਕਰਨ।”
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਡੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਮੰਗ ਨੂੰ ਤੁਰੰਤ ਮੰਨਣ ਤਾਂਜੋ ਹਰਿਆਣਾ ਪੁਲੀਸ ਵੱਲੋਂ ਵਰਤੇ ਜਾ ਰਹੇ ਵਹਿਸ਼ੀ ਬਲ ਕਾਰਨ ਜ਼ਖ਼ਮੀ ਹੋ ਰਹੇ ਕਿਸਾਨ ਅਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ।
“ਸਾਡੇ ਕਿਸਾਨਾਂ ਦਾ ਹੋਰ ਕੋਈ ਵੀ ਨੁਕਸਾਨ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਵਾਅਦੇ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ। ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਬਲ, ਅੱਥਰੂ ਗੈਸ, ਪਾਣੀ ਦੀਆਂ ਤੋਪਾਂ ਅਤੇ ਗੋਲਿਆਂ ਦੀ ਵਰਤੋਂ ਅਸਵੀਕਾਰਨਯੋਗ ਹੈ, ਅਤੇ ਹਰਿਆਣਾ ਸਰਕਾਰ ਨੂੰ ਇਸਦਾ ਜਵਾਬਦੇਹ ਹੋਣਾ ਪਵੇਗਾ, ”ਝਿੰਜਰ ਨੇ ਕਿਹਾ।
ਝਿੰਜਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇੱਕ ਕਿਸਾਨ ਹੋਣ ਦੇ ਨਾਤੇ ਉਹ ਕਿਸਾਨਾਂ ਦੇ ਨਾਲ ਇੱਕਮੁੱਠ ਹਨ। ਝਿੰਜਰ ਨੇ ਅੱਗੇ ਕਿਹਾ, “ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।”
ਝਿੰਜਰ ਨੇ ਸ਼ੰਭੂ ਸਰਹੱਦ ‘ਤੇ ਕਿਸਾਨਾਂ ‘ਤੇ ਵਹਿਸ਼ੀ ਤਾਕਤ ਦੀ ਵਰਤੋਂ ਕਰਨ ਲਈ ਹਰਿਆਣਾ ਪੁਲਿਸ ਅਤੇ ਹਰਿਆਣਾ ਸਰਕਾਰ ਦੀ ਵੀ ਨਿੰਦਾ ਕੀਤੀ। ਝਿੰਜਰ ਨੇ ਕਿਹਾ, “ਕਿਸਾਨ ਸਿਰਫ਼ ਆਪਣੇ ਹੱਕਾਂ ਦੀ ਮੰਗ ਕਰਨ ਲਈ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਨ। ਉਨ੍ਹਾਂ ਵਿਰੁੱਧ ਬਲ ਦੀ ਵਰਤੋਂ ਬਰਦਾਸ਼ਤਯੋਗ ਨਹੀਂ ਹੈ ਅਤੇ ਹਰਿਆਣਾ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ,” ਝਿੰਜਰ ਨੇ ਕਿਹਾ।
ਇਸ ਤੋਂ ਇਲਾਵਾ ਝਿੰਜਰ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਅਪਮਾਨਜਨਕ ਟਿੱਪਣੀ ਦੀ ਨਿਖੇਧੀ ਕੀਤੀ। “ਜੰਗੜਾ ਦੀ ਸਾਡੇ ਕਿਸਾਨਾਂ ਵਿਰੁੱਧ ਭੱਦੀ ਟਿੱਪਣੀ ਪੂਰੀ ਤਰ੍ਹਾਂ ਘਿਣਾਉਣੀ ਹੈ। 2021 ਦੇ ਕਿਸਾਨ ਅੰਦੋਲਨ ਦੌਰਾਨ ਨਸ਼ਿਆਂ ਦੀ ਵਰਤੋਂ ਵਿੱਚ ਵਾਧਾ ਅਤੇ ਔਰਤਾਂ ਨੂੰ ਲਾਪਤਾ ਕਰਨ ਦੇ ਉਸ ਦੇ ਬੇਬੁਨਿਆਦ ਦਾਅਵੇ ਨਾ ਸਿਰਫ ਅਪਮਾਨਜਨਕ ਹਨ, ਬਲਕਿ ਸਾਡੇ ਅੰਨਦਾਤਾਵਾਂ ਪ੍ਰਤੀ ਭਾਜਪਾ ਦੀ ਮਾਨਸਿਕਤਾ ਨੂੰ ਵੀ ਨੰਗਾ ਕਰਦੇ ਹਨ। ਇਹ ਭਿਆਨਕ ਹੈ ਕਿ ਭਾਜਪਾ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ, ਜੋਕਿ ਕਿਸਾਨ ਭਾਈਚਾਰੇ ਪ੍ਰਤੀ ਉਹਨਾਂ ਦੇ ਨਫ਼ਰਤ ਨੂੰ ਹੋਰ ਉਜਾਗਰ ਕਰਦਾ ਹੈ,” ਕਿਹਾ ਝਿੰਜਰ।
ਝਿੰਜਰ ਨੇ ਅੱਗੇ ਕਿਹਾ, “ਜੇਕਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਕੁਝ ਵੀ ਹੁੰਦਾ ਹੈ ਤਾਂ ਭਾਜਪਾ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਦੀ ਜਾਨ ਬਚਾਉਣ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।”
