ਲੁਧਿਆਣਾ 24,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਰੂਸ ਤੇ ਯੂਕਰੇਨ ਦੇ ਵਿਚਕਾਰ ਚੱਲ ਰਹੇ ਹਾਲਾਤ ਦੇ ਮੱਦੇਨਜ਼ਰ ਹੁਣ ਯੂਕਰੇਨ ‘ਚ ਰਹਿਣ ਵਾਲੇ ਭਾਰਤੀ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਭਾਰਤੀਆਂ ‘ਚ ਪੰਜਾਬ-ਹਰਿਆਣਾ ਦੇ ਵੀ ਕਈ ਵਿਦਿਆਰਥੀ ਤੇ ਨਾਗਰਿਕ ਵੀ ਸ਼ਾਮਲ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਆਪਣਿਆਂ ਨੂੰ ਲੈ ਕੇ ਕਾਫੀ ਘਬਰਾਏ ਹੋਏ ਹਨ। ਲੋਕ ਯੂਕਰੇਨ ਨੂੰ ਜਲਦ ਤੋਂ ਜਲਦ ਛੱਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਅਜਿਹੇ ‘ਚ ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ‘ਚ ਰਹਿਣ ਵਾਲੀ ਸੁਕੰਨਿਆ ਭਾਟੀਆ ਨੇ ਆਪਣੀ ਬੇਟੀ ਭਾਨਵੀ ਭਾਟੀਆ ਨੂੰ 3 ਸਾਲ ਪਹਿਲਾਂ ਡਾਕਟਰੀ ਕਰਨ ਲਈ ਯੂਕਰੇਨ ਭੇਜਿਆ ਸੀ ਪਰ ਹੁਣ ਉੱਥੇ ਹਾਲਾਤ ਲਗਾਤਾਰ ਸਹਿਮ ਵਾਲੇ ਬਣੇ ਹੋਏ ਹਨ। ਇਸ ਕਰਕੇ ਉਨ੍ਹਾਂ ਨੇ ਆਪਣੀ ਬੇਟੀ ਨੂੰ ਵਾਪਸ ਬੁਲਾ ਲਿਆ ਹੈ, ਪਰ ਨਾਲ ਹੀ ਪਰਿਵਾਰ ਨੇ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਖਾਸ ਮਦਦ ਨਹੀਂ ਕੀਤੀ ਜਾ ਰਹੀ।
ਪਰਿਵਾਰ ਵੱਲੋਂ ਆਪਣੀ ਬੇਟੀ ਨੂੰ ਵੀਡੀਓ ਕਾਲ ਕਰਕੇ ਉਥੋਂ ਦੇ ਹਾਲਾਤ ਵੀ ਜਾਣੇ ਗਏ ਤਾਂ ਭਾਨਵੀ ਨੇ ਦੱਸਿਆ ਕਿ ਫਿਲਹਾਲ ਹਾਲਾਤ ਬਹੁਤ ਸਹਿਮ ਵਾਲੇ ਹਨ। ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਰ ਘਰ ਅੱਗੇ ਜਾ ਕੇ ਕੀ ਬਣੇਗਾ। ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਹਨ। ਉਨ੍ਹਾਂ ਦੇ ਲੱਖਾਂ ਰੁਪਿਆ ਖ਼ਰਚ ਕੇ ਆਪਣੀ ਬੇਟੀ ਨੂੰ ਉਚੇਰੀ ਸਿੱਖਿਆ ਲਈ ਐਮਬੀਬੀਐਸ ਕਰਨ ਲਈ ਯੂਕਰੇਨ ਭੇਜਿਆ ਸੀ ਪਰ ਪਹਿਲਾਂ ਕੋਰੋਨਾ ਦੀ ਮਾਰ ਤੇ ਹੁਣ ਰੂਸ ਨਾਲ ਚੱਲ ਰਹੇ ਤਣਾਅ ਕਰਕੇ ਉਹ ਬਹੁਤ ਚਿੰਤਤ ਹਨ।
ਇਸ ਬਾਰੇ ਜਦੋਂ ਏਬੀਪੀ ਸਾਂਝਾ ਦੀ ਟੀਮ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕਰਦਿਆਂ ਭਾਨਵੀ ਨੇ ਵੀ ਦੱਸਿਆ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਫਾਇਤੀ ਦਰਾਂ ‘ਤੇ ਹੀ ਫਲਾਈਟਾਂ ਵੱਧ ਤੋਂ ਵੱਧ ਚਲਾ ਕੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਇੱਥੋਂ ਲਿਜਾਇਆ ਜਾਵੇ।
ਉੱਧਰ ਦੂਜੇ ਪਾਸੇ ਭਾਨਵੀ ਦੀ ਮਾਤਾ ਸੁਕੰਨਿਆ ਭਾਟੀਆ ਤੇ ਪਿਤਾ ਅਸ਼ਵਨੀ ਭਾਟੀਆ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਆਪਣੀ ਬੇਟੀ ਨੂੰ ਡਾਕਟਰ ਬਣਾਉਣ ਦੀ ਬਾਹਰ ਭੇਜਿਆ ਸੀ ਪਰ ਹੁਣ ਜਿਹੋ ਜਿਹੇ ਹਾਲਾਤ ਬਣ ਗਏ ਨੇ ਉਹ ਕਾਫੀ ਚਿੰਤਤ ਹਨ। ਉਹ ਆਪਣੀ ਬੇਟੀ ਦੇ ਭਵਿੱਖ ਨੂੰ ਲੈ ਕੇ ਵੀ ਡਰੇ ਹੋਏ ਹਨ ਕਿਉਂਕਿ ਐਮਬੀਬੀਐਸ ਦੀ ਪੜ੍ਹਾਈ ਜ਼ਿਆਦਾਤਰ ਪ੍ਰੈਕਟੀਕਲ ਹੁੰਦੀ ਹੈ ਤੇ ਜੇਕਰ ਹੁਣ ਉਹ ਵਾਪਸ ਆ ਰਹੀ ਹੈ ਤਾਂ ਉਸ ਦੀ ਪੜ੍ਹਾਈ ਦਾ ਅੱਗੇ ਕੀ ਬਣੇਗਾ।
ਉਨ੍ਹਾਂ ਨੇ ਆਪਣੀ ਬੇਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਵਾਪਸ ਬੁਲਾ ਲਿਆ ਹੈ ਪਰ ਉਸ ਵਰਗੀਆਂ ਕਈ ਬੱਚੀਆਂ ਅਜੇ ਵੀ ਉੱਥੇ ਫਸੀਆਂ ਹੋਈਆਂ ਨੇ ਜਿਨ੍ਹਾਂ ਦੇ ਮਾਪੇ ਪੈਸੇ ਖ਼ਰਚ ਕਰਨ ‘ਚ ਅਸਮਰੱਥ ਹਨ। ਦੱਸ ਦਈਏ ਕਿ 6 ਫਰਵਰੀ ਨੂੰ ਭਾਨਵੀ ਵਾਪਸ ਆ ਰਹੀ ਹੈ।