*ਯੂਕਰੇਨ ‘ਚ ਫਸੇ ਭਾਰਤੀਆਂ ਲਈ ਕੇਂਦਰ ਸਰਕਾਰ ਦੀ ਨਵੀਂ ਐਡਵਾਇਜ਼ਰੀ ਜਾਰੀ*

0
42

 26,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਘਰ ਨੇ ਨਾਗਰਿਕਾਂ ਨੂੰ ਆਪਣੇ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਗ਼ੈਰ ਸਰਹੱਦੀ ਚੌਕੀਆਂ ‘ਤੇ ਨਾ ਜਾਣ ਲਈ ਕਿਹਾ ਹੈ।

ਭਾਰਤੀ ਦੂਤਘਰ ਨੇ ਕਿਹਾ, ‘ਸਰਹੱਦੀ ਜਾਂਚ ਚੌਕੀਆਂ ‘ਤੇ ਸਥਿਤੀ ਸੰਵੇਦਨਸ਼ੀਲ ਹੈ। ਅਸੀਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਵਿੱਚ ਆਪਣੇ ਦੂਤਘਰਾਂ ਨਾਲ ਕੰਮ ਕਰ ਰਹੇ ਹਾਂ। ਸਾਨੂੰ ਭਾਰਤੀਆਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ, ਜੋ ਬਿਨਾਂ ਦੱਸੇ ਸਰਹੱਦੀ ਚੌਕੀਆਂ ‘ਤੇ ਪਹੁੰਚ ਗਏ ਹਨ। ਪੂਰਬੀ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਆਪਣੇ ਨਿਵਾਸ ਸਥਾਨ ‘ਤੇ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ।’

ਭਾਰਤ ਸਰਕਾਰ ਨੇ ਐਲਾਨ ਕੀਤਾ ਕਿ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਯੂਕਰੇਨ ਤੋਂ ਰੋਮਾਨੀਆ ਰਾਹੀਂ ਕੱਢਿਆ ਜਾਵੇਗਾ। ਇਸ ਤੋਂ ਬਾਅਦ ਨਿਊਜ਼ ਏਜੰਸੀ ਏਐਨਆਈ ਨੇ ਸ਼ੁੱਕਰਵਾਰ ਦੇਰ ਰਾਤ ਰਿਪੋਰਟ ਦਿੱਤੀ ਕਿ 470 ਤੋਂ ਵੱਧ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਰੋਮਾਨੀਆ ਪਹੁੰਚਿਆ।


ਯੂਕਰੇਨ ਸਥਿਤ ਭਾਰਤੀ ਅੰਬੈਸੀ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਮਜ਼ਬੂਤ, ਸੁਰੱਖਿਅਤ ਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।  ਇਸ ਦੌਰਾਨ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਯੂਕਰੇਨ ਤੋਂ ਸੁਰੱਖਿਅਤ ਦੇਸ਼ ਵਾਪਸੀ ’ਤੇ ਆਉਣ ਵਾਲਾ ਸਾਰਾ ਖਰਚ ਚੁੱਕਣ ਦਾ ਦਾਅਵਾ ਕੀਤਾ ਹੈ।

ਸੂਤਰਾਂ ਮੁਤਾਬਕ ਸਰਕਾਰ ਦਾ ਸਾਰਾ ਧਿਆਨ ਇਸ ਵੇਲੇ ਯੂਕਰੇਨ ਦੀ ਹੰਗਰੀ, ਪੋਲੈਂਡ, ਸਲੋਵਾਕੀਆ ਤੇ ਰੋਮਾਨੀਆ ਨਾਲ ਲਗਦੀਆਂ ਜ਼ਮੀਨੀ ਸਰਹੱਦਾਂ ’ਤੇ ਹੈ। ਭਾਰਤੀਆਂ ਨੂੰ ਇਨ੍ਹਾਂ ਸਰਹੱਦਾਂ ਰਸਤੇ ਹੀ ਯੂਕਰੇਨ ’ਚੋਂ ਕੱਢਿਆ ਜਾਣਾ ਹੈ। ਯੂਕਰੇਨ ਸਰਕਾਰ ਵੱਲੋਂ ਆਪਣਾ ਹਵਾਈ ਖੇਤਰ ਗੈਰ-ਫ਼ੌਜੀ ਜਹਾਜ਼ਾਂ ਲਈ ਬੰਦ ਕੀਤੇ ਜਾਣ ਕਰਕੇ ਭਾਰਤ ਨੂੰ ਇਨ੍ਹਾਂ ਬਦਲਵੇਂ ਪ੍ਰਬੰਧਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਲੰਘੇ ਦਿਨ ਕਿਹਾ ਸੀ ਕਿ ਯੂਕਰੇਨ ਵਿੱਚ 20 ਹਜ਼ਾਰ ਦੇ ਕਰੀਬ ਭਾਰਤੀ ਸਨ, ਜਿਨ੍ਹਾਂ ਵਿੱਚੋਂ ਚਾਰ ਹਜ਼ਾਰ ਦੇ ਕਰੀਬ ਪਿਛਲੇ ਦਿਨਾਂ ’ਚੋਂ ਉਥੋਂ ਨਿਕਲ ਗਏ ਹਨ। ਇਸ ਦੌਰਾਨ ਯੂਕਰੇਨ ਸਥਿਤ ਭਾਰਤੀ ਅੰਬੈਸੀ ਨੇ ਕਿਹਾ ਕਿ ਇਥੇ ਫਸੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਤੇ ਹੰਗਰੀ ਦੀਆਂ ਸਰਹੱਦਾਂ ਰਸਤੇ ਕੱੱਢਣ ਲਈ ਯਤਨ ਜਾਰੀ ਹਨ।

LEAVE A REPLY

Please enter your comment!
Please enter your name here