
ਚੰਡੀਗੜ੍ਹ 04 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੋਮਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਪਹਿਲਾਂ ਵਿਸਥਾਰ ਕੀਤਾ ਅਤੇ ਪੰਜਾਬ ਰਾਜ ਭਵਨ ਦੇ ਕੰਪਲੈਕਸ ਅੰਦਰ ਗੁਰੂ ਨਾਨਕ ਦੇਵ ਆਡੀਟੋਰੀਅਮ ਵਿੱਚ ਪੰਜ ਵਿਧਾਇਕਾਂ ਨੂੰ ਕੈਬਿਨਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ।
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸੁਨਾਮ ਤੋਂ ਦੋ ਵਾਰ ਵਿਧਾਇਕ ਅਮਨ ਅਰੋੜਾ ਸਮੇਤ ਨਵੇਂ ਬਣੇ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੂੰ ‘ਆਪ’ ਸਰਕਾਰ ‘ਚ ਨਵੇਂ ਮੰਤਰੀ ਬਣਾਇਆ ਗਿਆ ਹੈ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ 117 ‘ਚੋਂ 92 ਸੀਟਾਂ ਜਿੱਤ ਹਾਸਿਲ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਇਹ ਪਹਿਲਾ ਮੰਤਰੀ ਮੰਡਲ ਵਿਸਥਾਰ ਸੀ।ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਨਵੇਂ ਕੈਬਨਿਟ ਮੈਂਬਰਾਂ ‘ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਪੰਜਾਬ ਅਤੇ ਇਸ ਦੇ ਲੋਕਾਂ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ।
“ਅਸੀਂ ਲੋਕਾਂ ਦੀਆਂ ਸਾਰੀਆਂ ਉਮੀਦਾਂ ‘ਤੇ ਖਰਾ ਉਤਰਾਂਗੇ। ਪੰਜਾਬ ਵਿੱਚ ਪਾਰਦਰਸ਼ੀ ਸਰਕਾਰ ਦੇਣ ਲਈ ਮੇਰੇ ਸਾਰੇ ਮੰਤਰੀ ਇਮਾਨਦਾਰੀ ਨਾਲ ਕੰਮ ਕਰਨਗੇ,” ਮਾਨ ਨੇ ਮੀਡੀਆ ਨੂੰ ਕਿਹਾ। ਉਹਨਾਂ ਕਿਹਾ ਕਿ ਪਿਛਲੇ 75 ਸਾਲਾਂ ‘ਚ ਸਰਕਾਰਾਂ ਨੇ ਸਿਰਫ ਪੰਜਾਬ ਨੂੰ ਬਰਬਾਦ ਕੀਤਾ ਹੈ ਜਦਕਿ ਉਹਨਾਂ ਦੀ ਪਾਰਟੀ ਸੱਤਾ ‘ਚ ਪਹਿਲੇ ਦਿਨ ਤੋਂ ਪੰਜਾਬ ਅਤੇ ਪੰਜਾਬੀਆਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।
‘ਆਪ’ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਦੀ ਨੀਤੀ ‘ਤੇ ਜ਼ੋਰ ਦਿੰਦਿਆਂ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਪਹਿਲਾ ਹੋਏ ਵੱਡੇ ਘੁਟਾਲੇ ਵੀ ਲੋਕਾਂ ਦੇ ਸਾਹਮਣੇ ਆਉਣਗੇ। ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
