*ਮੰਤਰੀ ਜਿੰਪਾ ਨੇ ਸੌਂਪੇ 43 ਜੇਈਜ਼ ਨੂੰ ਨਿਯੁਕਤੀ ਪੱਤਰ, 800 ਪਟਵਾਰੀਆਂ ਦੀ ਹੋਏਗੀ ਜਲਦ ਭਰਤੀ*

0
59

ਚੰਡੀਗੜ੍ਹ 20,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਜਲ ਸਰੋਤ ਤੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਇੱਥੇ ਸਿੰਜਾਈ ਭਵਨ ਵਿਖੇ ਜਲ ਸਰੋਤ ਵਿਭਾਗ ਦੇ 43 ਜੂਨੀਅਰ ਇੰਜਨੀਅਰਾਂ (ਜੇਈਜ਼) ਨੂੰ ਨਿਯੁਕਤੀ ਪੱਤਰ ਸੌਂਪੇ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦਾ ਫ਼ਰਜ਼ ਸੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਜੇਈਜ਼ ਦੀ ਭਰਤੀ ਪੀਪੀਐਸਸੀ ਰਾਹੀਂ ਨਿਰੋਲ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਜਲ ਸਰੋਤ ਮੰਤਰੀ ਨੇ ਨਵ-ਨਿਯੁਕਤ ਜੇਈਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਕਿਉਂਕਿ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ ਤੇ ਹੁਣ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੀ ਸੇਵਾ ਕਰਨ।

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਮਾਲ ਵਿਭਾਗ ਵਿੱਚ 800 ਹੋਰ ਪਟਵਾਰੀਆਂ ਦੀ ਭਰਤੀ ਕੀਤੀ ਜਾਵੇਗੀ। ਰੈਵੀਨਿਊ ਪਟਵਾਰੀਆਂ ਦੀਆਂ 1766 ਅਸਾਮੀਆਂ ਸੇਵਾਮੁਕਤ ਪਟਵਾਰੀਆਂ/ਕਾਨੂੰਨਗੋਆਂ ਨਾਲ ਭਰਨ ਸਬੰਧੀ ਸਵਾਲ ‘ਤੇ ਜਿੰਪਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਅਸਾਮੀਆਂ ਸਿਰਫ਼ ਇੱਕ ਸਾਲ ਲਈ ਠੇਕੇ ‘ਤੇ ਭਰੀਆਂ ਗਈਆਂ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਕਿਉਂਕਿ 1090 ਮਾਲ ਪਟਵਾਰੀਆਂ ਦੀ ਭਰਤੀ ਅਜੇ ਪ੍ਰਕਿਰਿਆ ਅਧੀਨ ਹੈ ਤੇ ਮੁੱਖ ਮੰਤਰੀ ਵੱਲੋਂ ਜਲਦੀ ਇਨ੍ਹਾਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ।

LEAVE A REPLY

Please enter your comment!
Please enter your name here