(ਸਾਰਾ ਯਹਾਂ/ਬਿਊਰੋ ਨਿਊਜ਼ ): ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਚੇਅਰਮੈਨਾਂ ਦੀ ਅਣਦੇਖੀ ਅਤੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਦੀਆਂ ਮੰਡੀਆਂ ਦੇ ਹਲਾਤ ਖਸਤਾ ਹੋਏ ਪਰ ਹੁਣ ਉਨ੍ਹਾਂ ਦੀ ਦੇਖ ਰੇਖ ਹੇਠ ਮੰਡੀਆਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾ ਰਹੇ ਹਨ।
ਬੁੱਧਵਾਰ ਨੂੰ ਪਾਰਟੀ ਦੇ ਸੂਬਾ ਸਕੱਤਰ ਡਾ ਸੰਨੀ ਆਹਲੂਵਾਲੀਆ, ਗੁਰਦੇਵ ਸਿੰਘ ਲਾਖਾ, ਰਾਜਵਿੰਦਰ ਕੌਰ ਥਿਆੜਾ, ਅਮਨਦੀਪ ਸਿੰਘ ਮੋਹੀ ਅਤੇ ਸ਼ਮਿੰਦਰ ਸਿੰਘ ਖਿੰਡਾ ਨਾਲ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 2014 ਵਿੱਚ 48 ਕਰੋੜ ਦੀ ਲਾਗਤ ਨਾਲ ਮੋਹਾਲੀ ਦੇ 65 ਸੈਕਟਰ ਵਿੱਚ ਬਣੀ ਏਸੀ ਮਾਰਕਿਟ ਦੀ ਈ ਓਕਸ਼ਨ ਕਰਕੇ ਮੰਡੀ ਬੋਰਡ ਦੀ ਆਮਦਨੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀਆਂ ਅਤੇ ਮੰਡੀ ਬੋਰਡ ਵੱਲੋਂ ਬਣਾਏ ਗੈੱਸਟ ਹਾਊਸਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 37 ਮਾਰਕਿਟ ਕਮੇਟੀਆਂ ਜਿਨ੍ਹਾਂ ਕੋਲ ਏਟੀਐਮ ਲਗਾਉਣ ਲਈ ਢੁੱਕਵੀਂ ਜਗ੍ਹਾ ਹੈ ਉੱਥੇ ਏਟੀਐਮ ਲਗਾਉਣ ਲਈ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਮੰਡੀ ਬੋਰਡ ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਮੰਡੀਆਂ ਦੇ ਨਾਲ ਖ਼ਾਲੀ ਪਈ ਥਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਉੱਥੇ ਸਫ਼ਾਈ ਕਰਕੇ 12000 ਰੁੱਖ ਲਗਾਉਣ ਦੀ ਯੋਜਨਾ ਹੈ ਜਿਸ ਨਾਲ ਬਾਅਦ ਵਿਚ ਮੰਡੀ ਬੋਰਡ ਨੂੰ ਆਰਥਿਕ ਫਾਇਦਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਾੜੀ ਸੀਜ਼ਨ ਵਿੱਚ 132 ਲੱਖ ਮੈਟ੍ਰਿਕ ਟਨ ਕਣਕ ਫਸਲ ਆਉਣ ਦੀ ਸੰਭਾਵਨਾ ਹੈ ਜਿਸ ਲਈ ਮੰਡੀ ਬੋਰਡ ਵੱਲੋਂ ਪੁਖਤਾ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਫੀਲਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੀਜ਼ਨ ਲਈ ਪ੍ਰਬੰਧ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਹਰਚੰਦ ਬਰਸਟ ਨੇ ਕੇਂਦਰ ਸਰਕਾਰ ਵੱਲ ਪੈਂਡਿੰਗ 2880 ਕਰੋੜ ਰੂਰਲ ਡੇਵਲੈਪਮੈਂਟ ਫੰਡ ਜਾਰੀ ਨਾ ਕਰਨ ਲਈ ਭਾਜਪਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੰਡੀਆਂ ਦੇ ਵਿਕਾਸ ਲਈ ਮੋਦੀ ਸਰਕਾਰ ਜਲਦ ਤੋਂ ਜਲਦ ਇਹ ਫੰਡ ਜਾਰੀ ਕਰੇ ਤਾਂ ਜੋ ਪੰਜਾਬ ਦੀਆਂ ਮੰਡੀਆਂ ਦੇ ਕੰਮ ਬਿਨਾਂ ਰੁਕਾਵਟ ਸੁਚਾਰੂ ਢੰਗ ਨਾਲ ਚੱਲਦੇ ਰਹਿਣ।