ਮਾਨਸਾ, 05 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਮਾਨਸਾ ਸ਼੍ਰੀਮਤੀ ਮਧੂ ਨੇ ਦੱਸਿਆ ਕਿ ਦੇਸ਼ ਵਿੱਚ ਕੋਵਿਡ -19 ਕਾਰਨ ਬਣੀ ਸਥਿਤੀ ਦੇ ਸਨਮੁੱਖ ਸਰਕਾਰ ਵਲੋਂ ਲਗਾਏ ਗਏ ਲਾੱਕ-ਡਾਊਨ ਕਾਰਨ ਬਾਰਦਾਨੇ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ ਰੱਬੀ ਸੀਜਨ 2020-21 ਦੌਰਾਨ ਕਣਕ ਦੀ ਨਿਰਵਿਘਨ ਖਰੀਦ ਅਤੇ ਕਿਸਾਨਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਕੇਂਦਰ ਸਰਕਾਰ ਵਲੋਂ ਨਵੇਂ ਬਾਰਦਾਨੇ ਦੇ ਨਾਲ-ਨਾਲ ਰਾਜ ਦੀਆਂ ਖਰੀਦ ਏਜੰਸੀਆਂ ਕੋਲ ਪਿਛਲੇ ਰੱਬੀ ਸੀਜਨਾਂ (2017-18 ਅਤੇ 2018-19) ਅਤੇ ਖਰੀਫ ਸੀਜਨਾਂ (2017-18, 2018-19 ਅਤੇ 2019-20) ਦੀਆਂ ਬਕਾਇਆਂ ਪਈਆਂ ਨਵੀਆਂ ਗੱਠਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਫਿਰ ਵੀ ਬਾਰਦਾਨੇ ਦੀ ਘਾਟ ਹੁੰਦੀ ਹੈ, ਤਾਂ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਘੱਟਦੀਆਂ ਗੱਠਾਂ ਦੀ ਪ੍ਰਤੀਪੂਰਤੀ ਕਰਨ ਲਈ ਆੜ੍ਹਤੀਆਂ, ਫਲੋਰ-ਮਿੱਲਸ ਅਤੇ ਰਾਈਸ਼ ਮਿਲਸ ਰਾਹੀ ਓਪਨ ਮਾਰਕਿਟ ਤੋਂ ਇਕ ਵਾਰ ਵਰਤੀਆਂ ਗੱਠਾਂ ਨੂੰ ਵਰਤਣ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ। ਸ਼੍ਰੀਮਤੀ ਮਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਾਰਦਾਨੇ ਦੀ ਵਰਤੋਂ ਸਬੰਧੀ ਇਲੈਕਟ੍ਰੋਨਿਕ ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਸਬੰਧੀ ਸਪੱਸਟ ਕੀਤਾ ਜਾਂਦਾ ਹੈ ਕਿ ਰਾਜ ਸਰਕਾਰ ਦੀਆਂ ਖਰੀਦ ਏਜੰਸੀਆਂ ਵਲੋਂ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਕਣਕ ਦੀ ਖਰੀਦ ਲਈ ਪਿਛਲੇ ਸਾਲਾਂ ਦੇ ਨਵੇਂ ਬਾਰਦਾਨੇ ਅਤੇ ਇੱਕ ਵਾਰ ਬਾਰਦਾਨੇ ਦੀ ਵਰਤੋ ਕੀਤੀ ਜਾ ਰਹੀ ਹੈ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਲਈ ਰਾਸ਼ਨ ਕਿੱਟਾਂ ਭੇਜੀਆਂ ਗਈਆਂ, ਜਿਨ੍ਹਾਂ ਵਿੱਚ 10 ਕਿਲੋ ਆਟਾ, 2 ਕਿਲੋ ਚੀਨੀ ਅਤੇ 2 ਕਿਲੋ ਦਾਲ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਨੂੰ ਲੋੜਵੰਦਾਂ ਵਿੱਚ ਵੰਡ ਕਰ ਦਿੱਤੀ ਗਈ ਹੈ।