
ਮਾਨਸਾ, 03 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਕੀਤੀ ਕਣਕ ਦੀ ਲਿਫਟਿੰਗ ਦਾ 75 ਫੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਰਹਿੰਦੀ 25 ਫੀਸਦੀ ਲਿਫਟਿੰਗ ਦੇ ਕਾਰਜ਼ਾਂ ਨੂੰ ਜਲਦ ਮੁਕੰਮਲ ਕਰਨ ਅਤੇ ਮੰਡੀਆਂ ਅੰਦਰ ਪਹੁੰਚ ਰਹੀ ਜਿਣਸ ਦੀ ਨਾਲੋ ਨਾਲ ਲਿਫਟਿੰਗ ਯਕੀਨੀ ਬਣਾਈ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਅੱਜ ਅਨਾਜ ਮੰਡੀ ਤਾਮਕੋਟ, ਰੱਲਾ ਅਤੇ ਜੋਗਾ ਦਾ ਦੌਰਾ ਕਰਨ ਵੇਲੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਅੰਦਰ ਖਰੀਦ ਕੀਤੀ ਕਣਕ ਦੀ ਲਿਫਟਿੰਗ ਨੂੰ ਲੈ ਕੇ ਜ਼ਿਲ੍ਹਾ ਮਾਨਸਾ ਚੌਥੇ ਨੰਬਰ ’ਤੇ ਹੈ, ਜਿਸਦੇ ਲਈ 100 ਫੀਸਦੀ ਲਿਫਟਿੰਗ ਕਰਕੇ ਜ਼ਿਲ੍ਹੇ ਨੂੰ ਨੰਬਰ ਇਕ ’ਤੇ ਲਿਆਉਣ ਲਈ ਆਪਸੀ ਤਾਲਮੇਲ ਨਾਲ ਲਿਫਟਿੰਗ ਦੇ ਕੰਮ ਅੰਦਰ ਹੋਰ ਤੇਜ਼ੀ ਲਿਆਈ ਜਾਵੇ।
ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਅਤੇ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜਾਇ ਉਸਨੂੰ ਖੇਤਾਂ ਵਿੱਚ ਹੀ ਦਬਾਇਆ ਜਾਵੇ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
