
ਨਵੀਂ ਦਿੱਲੀ: ਦੁਨੀਆਂ ਭਰ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਹੁਣ ਤਕ ਇਕ ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਹੈ। ਇਸ ਬਿਮਾਰੀ ਦਾ ਫਿਲਹਾਲ ਕੋਈ ਪੁਖ਼ਤਾ ਇਲਾਜ ਨਹੀਂ ਮਿਲ ਸਕਿਆ ਪਰਹੇਜ਼ ਹੀ ਇਸ ਤੋਂ ਬਚਣ ਦਾ ਤਰੀਕਾ ਹੈ।
ਇਸ ਬਿਮਾਰੀ ਸਬੰਧੀ ਕਈ ਸਵਾਲ ਲੋਕਾਂ ਦੇ ਮਨ ‘ਚ ਆ ਰਹੇ ਹਨ। ਉਨ੍ਹਾਂ ‘ਚੋਂ ਇਕ ਇਹ ਵੀ ਹੈ ਕਿ ਕੀ ਮਰਨ ਤੋਂ ਬਾਅਦ ਇਨਸਾਨ ਦੇ ਸਰੀਰ ‘ਚੋਂ ਇਹ ਵਾਇਰਸ ਚਲਾ ਜਾਂਦਾ ਹੈ ਜਾਂ ਫਿਰ ਮਰਨ ਤੋਂ ਬਾਅਦ ਇਹ ਵਾਇਰਸ ਸਰੀਰ ‘ਚ ਮੌਜਦ ਰਹਿੰਦਾ ਹੈ।
ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਮਰਨ ਤੋਂ ਤਿੰਨ ਤੋਂ ਚਾਰ ਦਿਨ ਤਕ ਇਨਸਾਨ ਦੇ ਸਰੀਰ ‘ਚ ਰਹਿੰਦਾ ਹੈ। ਰਿਪੋਰਟ ਚ ਖ਼ੁਲਾਸਾ ਹੋਇਆ ਕਿ ਜਦੋਂ ਤਕ ਇਨਸਾਨ ਦੇ ਸਰੀਰ ‘ਚ ਤਰਲ ਪਦਾਰਥ ਬਾਕੀ ਰਹਿੰਦਾ ਹੈ ਉਦੋਂ ਤਕ ਇਹ ਵਾਇਰਸ ਇਨਸਾਨ ਦੇ ਸਰੀਰ ‘ਚ ਮੌਜੂਦ ਰਹਿੰਦਾ ਹੈ ਤੇ ਇਹ ਤਰਲ ਪਦਾਰਥ ਇਨਸਾਨ ਦੇ ਮਰਨ ਮਗਰੋਂ ਤਿੰਨ ਤੋਂ ਚਾਰ ਦਿਨ ਤਕ ਸਰੀਰ ‘ਚ ਰਹਿੰਦਾ ਹੈ।
WHO ਦੇ ਮੁਤਾਬਕ ਮੌਤ ਮਗਰੋਂ ਇਨਸਾਨ ਨੂੰ ਸਾੜਨਾ ਜਾਂ ਦਫ਼ਨਾਉਣਾ ਦੋਵੇਂ ਤਰੀਕੇ ਗਲਤ ਨਹੀਂ ਹਨ। ਹਾਲਾਂਕਿ ਸਾੜਿਆ ਜਾਣਾ ਦਫ਼ਨਾਏ ਜਾਣ ਤੋਂ ਸੁਰੱਖਿਅਤ ਹੈ ਕਿਉਂਕਿ ਇਸ ਤਰ੍ਹਾਂ ਕੋਰੋਨਾ ਵਾਇਰਸ ਬਾਕੀ ਨਹੀਂ ਬਚਦਾ ਪਰ ਦਫ਼ਨਾਉਣ ‘ਤੇ ਤਿੰਨ ਤੋਂ ਚਾਰ ਦਿਨ ਤਕ ਵਿਅਕਤੀ ਦੇ ਸਰੀਰ ‘ਚ ਵਾਇਰਸ ਰਹਿੰਦਾ ਹੈ।
