
ਚੰਡੀਗੜ੍ਹ 24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪਿਛਲੇ ਤਿੰਨ-ਚਾਰ ਦਿਨਾਂ ’ਚ ਠੰਢ ਤੋਂ ਮਿਲੀ ਰਾਹਤ (Cold Relief) ਮਗਰੋਂ ਹੁਣ ਪਾਰਾ ਫਿਰ ਡਿੱਗਣ ਵਾਲਾ ਹੈ। ਮੌਸਮ ਵਿਭਾਗ (Meteorological Department) ਨੇ ਪੰਜਾਬ, ਹਰਿਆਣਾ, ਛੱਤੀਸਗੜ੍ਹ ਤੇ ਬਿਹਾਰ ਜਿਹੇ ਮੈਦਾਨੀ ਇਲਾਕਿਆਂ ਵਿੱਚ ਸੀਤ-ਲਹਿਰ (Cold Waves) ਦੀ ਸੰਭਾਵਨਾ ਪ੍ਰਗਟਾਈ ਹੈ। ਦਰਅਸਲ, ਪਹਾੜੀ ਇਲਾਕਿਆਂ ’ਚ ਹੋਈ ਬਰਫ਼ਬਾਰੀ ਤੇ ਉੱਤਰ-ਪੂਰਬ ਤੋਂ ਆਉਣ ਵਾਲੀ ਹਵਾ ਕਾਰਨ ਅੱਜ ਤੋਂ ਠੰਢ ਮੁੜ ਜ਼ੋਰ ਫੜ ਸਕਦੀ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨ ਕੜਾਕੇ ਦੀ ਠੰਢ ਪਵੇਗੀ। ਸੂਬੇ ਦਾ ਔਸਤ ਤਾਪਮਾਨ ਰਾਤ ਸਮੇਂ 3 ਤੋਂ 5 ਡਿਗਰੀ ਤੇ ਦਿਨ ਦਾ 20 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮਾਝਾ ਤੇ ਦੁਆਬਾ ਇਲਾਕਿਆਂ ਵਿੱਚ 27 ਦਸੰਬਰ ਨੂੰ ਮੀਂਹ ਪੈਣ ਦੇ ਵੀ ਆਸਾਰ ਹਨ।
ਪੰਜਾਬ ਦਾ ਲੁਧਿਆਣਾ 2.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਦਿੱਲੀ ਦੀ ਲੋਧੀ ਰੋਡ ਉੱਤੇ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇੱਥੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਪਾਰਾ 3 ਤੋਂ 4 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਹਰਿਆਣਾ ਦੇ ਹਿਸਾਰ ’ਚ ਤਾਪਮਾਨ ਲਗਾਤਾਰ ਦੂਜੇ ਦਿਨ ਸਭ ਤੋਂ ਘੱਟ 2.7 ਡਿਗਰੀ ਰਿਹਾ। ਕਰਨਾਲ ’ਚ ਧੁੰਦ ਕਾਰਣ ਵਿਜ਼ੀਬਿਲਿਟੀ 50 ਫ਼ੀਸਦੀ ਰਹਿ ਗਈ। ਉੱਤਰੀ ਭਾਰਤ ਦੇ ਪਹਾੜਾਂ ਉੱਤੇ ਬਰਫ਼ਬਾਰੀ ਕਾਰਨ ਰਾਜਸਥਾਨ ਦੇ ਪਹਾੜੀ ਸਥਾਨ ਮਾਊਂਟ ਆਬੂ ’ਚ ਵੀ ਸਖ਼ਤ ਠੰਢ ਪੈ ਰਹੀ ਹੈ ਤੇ ਉੱਥੇ ਤਾਪਮਾਨ ਮਨਫ਼ੀ (–) ’ਚ ਚਲਾ ਗਿਆ ਹੈ। ਉੱਥੇ ਤ੍ਰੇਲ ਦੀਆਂ ਬੂੰਦਾਂ ਵੀ ਬਰਫ਼ ਬਣਦੀਆਂ ਵਿਖਾਈ ਦੇ ਰਹੀਆਂ ਹਨ। ਬੁੱਧਵਾਰ ਨੂੰ ਇੱਥੋਂ ਦਾ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ।
