
(ਸਾਰਾ ਯਹਾਂ/ਬਿਊਰੋ ਨਿਊਜ਼ ) : ਅਗਲੇ ਦੋ ਦਿਨ ਪੰਜਾਬ ਦਾ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਵੱਲੋਂ ਇਸ ਬਾਰੇ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੱਛਮੀ ਗੜਬੜੀ ਦੇ ਚੱਲਦਿਆਂ ਪੰਜਾਬ ’ਚ 23 ਤੇ 24 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮਾਲਵਾ ਖੇਤਰ ਦੇ ਕੁਝ ਹਿੱਸੇ ਵਿੱਚ ਗੜੇ ਪੈ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਏ ਹਲਕੇ ਮੀਂਹ ਤੋਂ ਬਾਅਦ ਸੂਬੇ ’ਚ ਰਾਤਾਂ ਠੰਢੀਆਂ ਹੋ ਗਈਆਂ ਹਨ ਤੇ ਦਿਨ ਗਰਮ ਹੋ ਰਹੇ ਹਨ ਪਰ ਦਿਨ ਸਮੇਂ ਠੰਢੀਆਂ ਹਵਾਵਾਂ ਕਾਰਨ ਪਾਲਾ ਬਰਕਰਾਰ ਹੈ। ਉਂਝ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਤੋਂ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਦਿਨ ਵੇਲੇ ਸੂਰਜ ਨਿਕਲਣ ਨਾਲ ਵੀ ਰਾਹਤ ਮਿਲੀ ਹੈ।
ਉਧਰ, ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ 24 ਜਨਵਰੀ ਨੂੰ ਪਹਾੜੀ ਇਲਾਕਿਆਂ ਭਾਰੀ ਮੀਂਹ ਤੇ ਬਰਫਬਾਰੀ ਜਦਕਿ ਮੈਦਾਨੀ ਇਲਾਕਿਆਂ ਵਿੱਚ ਗੜੇਮਾਰੀ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਚੰਬਾ, ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਲਾਹੌਲ ਤੇ ਸਪਿਤੀ, ਅਤੇ ਕਿਨੌਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਤੇ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਪਹਾੜੀ ਇਲਾਕਿਆਂ ਵਿੱਚ 25 ਜਨਵਰੀ ਤੱਕ ਚਾਰ ਦਿਨ ਹਲਕੀ ਬਰਫਬਾਰੀ ਹੋਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ।
