
ਨਵੀਂ ਦਿੱਲੀ 03 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਠੰਢ ਦੇ ਵਧਦੇ ਅਸਰ ਦੇ ਨਾਲ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ‘ਚ ਮੀਂਹ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ 3 ਜਨਵਰੀ ਨੂੰ ਦਿੱਲੀ-ਐਨਸੀਆਰ ਵਿੱਚ ਤੂਫਾਨ ਨਾਲ ਬਾਰਸ਼ ਹੋਵੇਗੀ। ਅੱਜ ਐਤਵਾਰ ਤੜਕੇ ਗਰਜ ਤੇ ਚਮਕ ਨਾਲ ਦਿੱਲੀ ਐਨਸੀਆਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤੇਜ਼ ਬਾਰਸ਼ ਹੋਣੀ ਸ਼ੁਰੂ ਹੋ ਗਈ। ਅਗਲੇ ਦੋ ਦਿਨ 4 ਤੇ 5 ਜਨਵਰੀ ਨੂੰ ਵੀ ਬਾਰਸ਼ ਪੈ ਸਕਦੀ ਹੈ।
ਪੱਛਮੀ ਗੜਬੜੀ ਕਾਰਨ, ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੇ ਨੋਇਡਾ, ਦਿੱਲੀ ਦੇ ਉੱਤਰ ਪੱਛਮੀ ਖੇਤਰ ਸਮੇਤ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ 3 ਜਨਵਰੀ ਨੂੰ ਦਿੱਲੀ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਵਿੱਚ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਭਾਰੀ ਬਾਰਸ਼ ਨਾਲ ਗੜੇ ਵੀ ਡਿਗਣਗੇ।
ਮੌਸਮ ਵਿਭਾਗ ਮੁਤਾਬਕ 4-5 ਜਨਵਰੀ ਨੂੰ ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਪੰਜਾਬ ਵਿੱਚ ਭਾਰੀ ਬਾਰਸ਼ ਤੇ ਗੜੇਮਾਰੀ ਪਏਗੀ। ਮੌਸਮ ਵਿਭਾਗ ਅਨੁਸਾਰ ਰਾਜਗੜ, ਅਲਵਰ, ਦੌਸਾ, ਸੋਨੀਪਤ, ਦਾਦਰੀ, ਨੋਇਡਾ, ਗਾਜ਼ੀਆਬਾਦ, ਅਲੀਗੜ, ਬਦੂਨ, ਮੋਦੀਨਗਰ, ਮਥੁਰਾ, ਹਾਥਰਸ, ਜੀਂਦ, ਪਾਣੀਪਤ, ਕਰਨਾਲ ਸਮੇਤ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।
