08 ਜੂਨ ਸਮਾਰਾਲਾ(ਸਾਰਾ ਯਹਾਂ/ਬਿਊਰੋ ਨਿਊਜ਼)ਅੱਜ ਮੋਹਾਲੀ ਵਿਖੇ ਸਿਰਫਿਰੇ ਨੌਜਵਾਨ ਨੇ ਇਕ ਕੁੜੀ ਦਾ ਬੜੇ ਹੀ ਬੇਰਹਿਮ ਤਰੀਕੇ ਨਾਲ ਤਲਵਾਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ। ਇਸ ਖ਼ੌਫਨਾਕ ਵਾਰਦਾਤ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਉਕਤ ਨੌਜਵਾਨ ਨੇ ਚਿੱਟੇ ਸ਼ਰੇਆਮ ਆਟੋ ਤੋਂ ਉਤਰੀ ਕੁੜੀ ਨੂੰ ਸੜਕ ਵਿਚਕਾਰ ਤਲਵਾਰ ਨਾਲ ਵੱਢ ਅਤੇ ਨੇੜੇ ਲੰਘਦੇ ਲੋਕ ਸਿਰਫ ਤਮਾਸ਼ਾ ਹੀ ਦੇਖਦੇ ਰਹੇ। ਵਾਰਦਾਤ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਮੋਹਾਲੀ ਪੁਲਸ ਨੇ ਕਾਤਲ ਸੁਖਚੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੁਖਚੈਨ ਜੋ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਹੈ। ਸੁਖਚੈਨ ਕਬੱਡੀ ਦਾ ਵਧੀਆ ਖਿਡਾਰੀ ਸੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ। ਹਫਤਾ ਪਹਿਲਾਂ ਹੀ ਉਸ ਨੇ ਪੈਟਰੋਲ ਪੰਪ ਤੋਂ ਕੰਮ ਛੱਡਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਸੁਖਚੈਨ ਅਤੇ ਮ੍ਰਿਤਕ ਲੜਕੀ ਦਾ ਆਪਸ ਵਿਚ ਪ੍ਰੇਮ ਸਬੰਧ ਸਨ। ਸੁਖਚੈਨ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਈ ਵਾਰ ਉਨ੍ਹਾਂ ਦੇ ਘਰ ਵੀ ਆ ਚੁੱਕੀ ਹੈ ਅਤੇ ਸੁਖਚੈਨ ਅੱਜ ਸਵੇਰੇ 6 ਵਜੇ ਹੀ ਘਰੋਂ ਬਾਹਰ ਗਿਆ ਸੀ ਅਤੇ ਉਸਨੇ ਲੜਕੀ ਦਾ ਕਤਲ ਕਿਉਂ ਕੀਤਾ ਹੈ, ਇਸ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।
ਦੋਸ਼ੀ ਸੁਖਚੈਨ ਸਿੰਘ ਦੀ ਮਾਤਾ ਨੇ ਦੱਸਿਆ ਕਿ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਸਨ ਅਤੇ ਦੋਵਾਂ ਦਾ ਕਦੇ ਝਗੜਾ ਵੀ ਨਹੀਂ ਹੋਇਆ ਸੀ। ਮੇਰਾ ਲੜਕਾ ਸੁਖਚੈਨ ਸਿੰਘ ਕਬੱਡੀ ਦਾ ਵਧੀਆ ਖਿਡਾਰੀ ਸੀ ਅਤੇ ਪਿੰਡ ਵਿਚ ਉਸ ਦਾ ਕਾਫੀ ਨਾਮ ਸੀ। ਦੋਸ਼ੀ ਦੀ ਮਾਂ ਨੇ ਇਹ ਵੀ ਆਖਿਆ ਕਿ ਜੋ ਇਸ ਨੇ ਇਸ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹ ਬਹੁਤ ਹੀ ਗਲਤ ਹੈ, ਇਸ ਦੀ ਸਜ਼ਾ ਪਰਮਾਤਮਾ ਉਸ ਨੂੰ ਜ਼ਰੂਰ ਦੇਵੇਗਾ।
ਸੁਖਚੈਨ ਸਿੰਘ ਦੇ ਪਿੰਡ ਖੀਰਨੀਆਂ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਕਬੱਡੀ ਪਲੇਅਰ ਸੀ ਅਤੇ ਪਿੰਡ ਵਿਚ ਵੀ ਉਸ ਦਾ ਸੁਭਾਅ ਬੜਾ ਨਿੱਘਾ ਤੇ ਸਾਊ ਸੀ। ਘਰ ਵਿਚ ਚਾਰ ਭੈਣਾਂ ਅਤੇ ਤਿੰਨ ਭਾਈ ਹਨ। ਸੁਖਚੈਨ ਅਜੇ ਕਵਾਰਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਪੈਟਰੋਲ ਪੰਪ ‘ਤੇ ਕੰਮ ਕਰਨ ਲੱਗਾ ਸੀ। ਜੋ ਉਸ ਨੇ ਮੋਹਾਲੀ ਵਿਖੇ ਇਹ ਕਾਰਾ ਕੀਤਾ ਇਹ ਸਮਝ ਤੋਂ ਬਾਹਰ ਹੈ। ਪਿੰਡ ਦੇ ਹੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਦਾ ਪ੍ਰੇਮ ਸਬੰਧ ਕਿਸੇ ਕੁੜੀ ਨਾਲ ਚੱਲ ਰਹੇ ਸਨ ਕੁੜੀ ਵੱਲੋਂ ਕੁਝ ਸਮਾਂ ਪਹਿਲਾਂ ਸੁਖਚੈਨ ਦੀ ਕਟਾਪਾ ਵੀ ਕਰਵਾਇਆ ਗਿਆ ਜਿਸ ਵਿਚ ਉਸ ਦੀ ਲੱਤ ਟੁੱਟ ਗਈ ਅਤੇ ਉਹ ਕੁਝ ਸਮਾਂ ਘਰ ਬੈਠਾ ਰਿਹਾ ਪਰ ਜੋ ਉਸ ਨੇ ਮੋਹਾਲੀ ਵਿਖੇ ਇਹ ਕੰਮ ਕੀਤਾ ਹੈ ਬਹੁਤ ਨਿੰਦਣਯੋਗ ਹੈ।