ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਨੂੰ ‘ਫ਼ਾਇਦੇਮੰਦ’ ਕਰਾਰਾ ਦੇਣ ਮਗਰੋਂ ਕਿਸਾਨ ਲੀਡਰਾਂ ਦਾ ਵੱਡਾ ਐਲਾਨ

0
116

ਨਵੀਂ ਦਿੱਲੀ 25 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੇ ਭੋਲੇ-ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਉੱਤੇ ਕਿਸਾਨ ਆਗੂਆਂ (Farmer Leaders) ਨੇ ਨਾਰਾਜ਼ਗੀ ਪ੍ਰਗਟਾਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ (Sarvan Singh Pandher) ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਸਾਨੂੰ ਕਾਊਂਟਰ ਕਰਨ ਲਈ ਖੇਤੀ ਕਾਨੂੰਨ ਬਾਰੇ ਉਲਟਾ ਪ੍ਰਚਾਰ ਕਰਦੇ ਹਨ ਪਰ ਉਹ ਕਾਮਯਾਬ ਨਹੀਂ ਹੋਏ।

ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਦੇ ਸੱਦੇ ਲਈ ਪੁਰਾਣੀ ਚਿੱਠੀ ਨਵੀਂ ਤਰੀਕ ਪਾ ਕੇ ਕੱਢ ਰਹੀ ਹੈ। ਸਿਰਫ਼ ਇਹ ਵਿਖਾਉਣ ਦਾ ਜਤਨ ਕਰ ਰਹੀ ਹੈ ਕਿ ਸਰਕਾਰ ਉਨ੍ਹਾਂ ਨੂੰ ਵਾਰ-ਵਾਰ ਸੱਦ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਗੱਲਬਾਤ ਲਈ ਮੰਨ ਨਹੀਂ ਰਹੀਆਂ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਖੇਤੀ ਕਾਨੂੰਨ ਨੂੰ ਫ਼ਾਇਦੇਮੰਦ ਦੱਸ ਰਹੇ ਹਨ ਤੇ ਇੰਝ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ‘ਅਸੀਂ ਆਖ ਰਹੇ ਹਾਂ ਕਿ ਨਵੇਂ ਖੇਤੀ ਕਾਨੂੰਨ ਰੱਦ ਕਰੋ, ਤਾਂ ਪ੍ਰਧਾਨ ਮੰਤਰੀ ਆਖਦੇ ਹਨ ਕਿ ਕਾਨੂੰਨ ਬਹੁਤ ਵਧੀਆ ਹਨ। ਸਰਕਾਰ ਰੇੜਕਾ ਖ਼ਤਮ ਕਰਨ ਦਾ ਕੰਮ ਕਰੇ, ਇੱਕੋ ਚਿੱਠੀ ਵਾਰ-ਵਾਰ ਭੇਜਣ ਦਾ ਕੋਈ ਫ਼ਾਇਦਾ ਨਹੀਂ ਹੈ।’

ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਅੰਦੋਲਨ ਨੂੰ ਖਿੰਡਾਉਣ ਦੀ ਨੀਤੀ ਉੱਤੇ ਚੱਲਿਆ ਜਾ ਰਿਹਾ ਹੈ, ਨਿਰਾਸ਼ਾ ਪੈਦਾ ਕਰਨ ਦੀ ਨੀਤੀ ਹੈ ਪਰ ਸਰਕਾਰ ਸੁਣ ਲਵੇ ਕਿ ਅਸੀਂ ਮਨ ਬਣਾ ਕੇ ਆਏ ਹਾਂ, ਸਾਡੀ ਲੋਹੜੀ ਵੀ ਇੱਥੇ ਹੀ ਹੋਵੇਗੀ, ਸਾਡੀ ਵਿਸਾਖੀ ਵੀ ਇੱਥੇ ਹੀ ਹੋਵੇਗੀ…ਛੇ ਮਹੀਨਿਆਂ ਦੀ ਤਿਆਰੀ ਕਰ ਕੇ ਆਏ ਹਾਂ। ਪੰਜਾਬ ਤੋਂ ਹੋਰ ਲੋਕ ਵੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਉਣਗੇ।

LEAVE A REPLY

Please enter your comment!
Please enter your name here