ਮਾਨਸਾ 21 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਤੇ ਕਾਨੂੰਨਾ ਨੂੰ ਦਰਕਿਨਾਰ ਕਰ ਮੋਦੀ ਜੁੰਡਲੀ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਕੇ ਲੋਕਤੰਤਰੀ ਢਾਂਚੇ ਦਾ ਗਲਾ ਘੁੱਟ ਕੇ ਹਿਟਲਰ ਰਾਜ ਨੂੰ ਜਨਮ ਦਿੱਤਾ,ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਗੰਭੀਰ ਸੰਕਟ ਪੈਦਾ ਕਰੇਗਾ। ਕਿਉਂਕਿ ਸਾਡੇ ਪਵਿੱਤਰ ਸੰਵਿਧਾਨਿਕ ਅਦਾਰੇ ਪਾਰਲੀਮੈਂਟ ਮੈਂਬਰਾਂ ਨੂੰ ਸੰਸਦ ਤੋਂ ਮੁਅੱਤਲ ਕਰਨਾ ਤੇ ਸੰਸਦ ਵਿੱਚ ਰੁਜਗਾਰ ਤੇ ਮੋਦੀ ਸਰਕਾਰ ਦੇ ਰਵੱਈਏ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਤੇ ਯੂ.ਏ.ਪੀ.ਏ. ਲਾਉਣਾ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮੁਜ਼ਾਰਾ ਲਹਿਰ ਦੇ ਮੋਢੀ, ਉੱਘੇ ਦੇਸ਼ ਭਗਤ, ਮਹਾਨ ਕਮਿਉਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ 50 ਵੀਂ ਬਰਸੀ ਮੌਕੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਪੀੜਤਾਂ ਨੂੰ ਨਿਆਂ ਦਿਵਾਉਣ, ਦੇਸ਼ ਵਿਰੋਧੀ ਤੇ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2024 ਦੀਆਂ ਆਮ ਚੋਣਾਂ ਮੌਕੇ ਵਿਸ਼ਾਲ ਏਕਤਾ ਕਰਨ ਦੀ ਅਪੀਲ ਕੀਤੀ। ਕਮਿਉਨਿਸਟ ਆਗੂ ਨੇ ਹਾਜ਼ਰ ਇਕੱਠ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਅਗਰ ਮੋਦੀ ਜੁੰਡਲੀ ਖਿਲਾਫ ਲੋਕ ਲਹਿਰ ਉਸਾਰਨ ਵਿੱਚ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਰਹੀ ਤਾਂ ਫਾਸੀਵਾਦੀ ਤਾਕਤਾਂ ਤੇ ਆਰ.ਐਸ.ਐਸ. ਮਨੂੰਵਾਦ ਨੂੰ ਲਾਗੂ ਕਰਨ ਲਈ ਸੰਵਿਧਾਨ, ਧਰਮ ਅਤੇ ਭਾਈਚਾਰਕ ਸਾਂਝ ਨੂੰ ਤੋੜੇਗੀ।
ਕਾਨਫਰੰਸ ਨੂੰ ਸੰਯੁਕਤ ਮੋਰਚੇ ਦੇ ਉੱਘੇ ਆਗੂਆਂ ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਕਿਸ਼ਨਗੜ੍ਹ,ਰਾਜ ਸਿੰਘ ਅਕਲੀਆਂ, ਛੱਜੂ ਰਾਮ ਰਿਸ਼ੀ,ਭਜਨ ਸਿੰਘ ਘੁੰਮਣ, ਮਲਕੀਤ ਮੰਦਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਨੀ, ਪਾਣੀ, ਕਿਸਾਨ, ਮਜ਼ਦੂਰ ਤੇ ਨੋਜਵਾਨ ਵਰਗ ਨੂੰ ਲੋਕ ਦੋਖੀ ਸਰਕਾਰਾਂ ਤੋਂ ਨਿਜਾਤ ਪਾਉਣ ਲਈ ਕਾਮਰੇਡ ਫੱਕਰ ਵਰਗੇ ਮਹਾਨ ਆਗੂਆਂ ਦੀ ਸੋਚ ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ ਦੱਸਿਆ ਅਤੇ ਕਿਹਾ ਕਿ ਤੀਹਰੀ ਗੁਲਾਮੀ ਰਜਵਾੜਾਸ਼ਾਹੀ, ਜਗੀਰਦਾਰੀ ਤੇ ਸਰਦਾਰਾਂ ਤੋਂ ਮੁਜਾਰਿਆਂ ਦੀ ਗੁਲਾਮੀ ਨੂੰ ਮੁਕਤ ਕਰਵਾ ਕੇ ਜ਼ਮੀਨਾਂ ਖੋ ਕੇ ਬੇ ਜਮੀਨਿਆ ਵਿੱਚ ਵੰਡ ਕੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ। ਹੁਣ ਸਮੇਂ ਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਦੇਣ ਲਈ ਉਤਾਵਲੀ ਹੈ, ਜਿਸ ਖਿਲਾਫ ਵੱਡੇ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸੀ ਪੀ ਆਈ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਆਗੂ ਮਲਕੀਤ ਸਿੰਘ ਮੰਦਰਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ ਲਾਉਂਦਿਆਂ ਕਿਹਾ ਕਿ ਭਗਤ ਸਿੰਘ ਤੇ ਡਾ, ਅੰਬੇਦਕਰ ਦੀ ਸੋਚ ਦੇ ਉਲਟ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਔਰਤਾਂ ਲਈ ਇੱਕ ਹਜ਼ਾਰ ਰੁਪਏ ਭੱਤਾ ਜਾਰੀ ਕਰਨ ਸਮੇਤ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ।
ਕਾਨਫਰੰਸ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਅਤੇ ਏਟਕ ਆਗੂ ਕਰਨੈਲ ਭੀਖੀ ਦੀ ਅਗਵਾਈ ਤੇ ਗੁਰਦਿਆਲ ਸਿੰਘ, ਸੀਤਾਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਕਰਨੈਲ ਸਿੰਘ ਭੀਖੀ, ਗੁਰਪਿਆਰ ਫੱਤਾ, ਮਨਜੀਤ ਗਾਮੀਵਾਲਾ ਅਤੇ ਸੱਤਪਾਲ ਕੌਰ ਖੀਵਾ ਦੇ ਪ੍ਰਧਾਨਗੀ ਮੰਡਲ ਹੇਠ ਸਫ਼ਲਤਾਪੂਰਵਕ ਨੇਪਰੇ ਚੜੀ। ਇਸ ਮੌਕੇ ਨਾਟਕ ਟੀਮ ਵੱਲੋਂ ਲੋਕ ਪੱਖੀ ਨਾਟਕ ਖੇਡੇ ਗਏ ਅਤੇ ਲੋਕ ਪੱਖੀ ਗਾਇਕਾ ਵੱਲੋਂ ਗੀਤ ਪੇਸ਼ ਕੀਤੇ ਗਏ। ਕਾਨਫਰੰਸ ਦੌਰਾਨ ਕਾਮਰੇਡ ਫੱਕਰ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਅਤੇ ਪੜਾਈ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਮੌਕੇ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਕੇਵਲ ਸਮਾਓ, ਜਗਰਾਜ ਹਰੀਕੇ, ਗੁਰਨਾਮ ਭੀਖੀ, ਅਮਰੀਕ ਫਫੜੇ, ਨਰੇਸ਼ ਬੁਰਜ ਹਰੀ, ਸੁਖਰਾਜ ਜੋਗਾ, ਸੁਖਦੇਵ ਮਾਨਸ਼ਾ, ਗੁਰਦੇਵ ਦਲੇਲ ਸਿੰਘ ਵਾਲਾ, ਰਤਨ ਭੋਲਾ, ਹਰਪਾਲ ਬੱਪੀਆਣਾ, ਕਪੂਰ ਸਿੰਘ ਕੋਟ ਲੱਲੂ, ਭੋਲ਼ਾ ਸਿੰਘ ਸਮਾਓ, ਰਜਿੰਦਰ ਹੀਰੇਵਾਲਾ,ਪੱਪੀ ਮੂਲਾ ਸਿੰਘ ਵਾਲਾ, ਹਰਮੀਤ ਬੋੜਾਵਾਲ, ਮਨਜੀਤ ਮੀਹਾਂ, ਭੁਪਿੰਦਰ ਗੁਰਨੇ,ਮੇਜਰ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ।