ਮੋਗਾ,06 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਆਪਣੀ ਜੰਗ ਨੂੰ ਜਾਰੀ ਰੱਖੀ ਹੋਈ ਹੈ। ਇਸ ਦੇ ਨਾਲ ਹੀ ਹੁਣ ਕੇਂਦਰ ਦੇ ਅੜੀਅਲ ਰਵੱਈਏ ਕਰਕੇ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਕਰਕੇ ਕਿਸਾਨਾਂ ਦੇ ਤੇਵਰ ਕੁਝ ਨਰਮ ਪਏ ਹਨ। ਕਿਸਾਨਾਂ ਨੇ ਪੰਜਾਬ ਦੀਆਂ ਕੁਝ ਥਾਂਵਾਂ ‘ਤੇ ਧਰਨੇ ਰੇਲਵੇ ਸਟੇਸ਼ਨਾਂ ਤੋਂ ਹਟਾ ਕੇ ਨੇੜਲੀਆਂ ਥਾਂਵਾਂ ‘ਤੇ ਲਾ ਦਿੱਤੇ ਹਨ।
ਇਸ ਸਿਲਸਿਲੇ ‘ਚ ਮੋਗਾ ਰੇਲਵੇ ਸਟੇਸ਼ਨ ‘ਚ ਕਿਸਾਨਾਂ ਵੱਲੋਂ ਲਾਏ ਹੋਏ ਆਪਣੇ ਧਰਨੇ ਨੂੰ ਅੱਜ ਸਵੇਰੇ ਹੀ ਰੇਲਵੇ ਪਲੇਟਫਾਰਮ ਤੋਂ ਹਟਾ ਕੇ ਰੇਲਵੇ ਦੇ ਹੀ ਪਾਰਕ ਵਿੱਚ ਲੱਗਾ ਦਿੱਤਾ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੇ ਰੇਲਵੇ ਟ੍ਰੈਕ ‘ਤੇ ਹੋਣ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਦੇ ਟ੍ਰੈਕ ‘ਤੇ ਧਰਨਾ ਲਾਉਣ ਕਰਕੇ ਸੂਬੇ ਤੇ ਹੋਰਨਾਂ ਸੂਬਿਆਂ ‘ਚ ਕੋਲਾ ਤੇ ਖਾਦ ਦੀ ਕਮੀ ਹੋ ਰਹੀ ਸੀ ਜਿਸ ਦਾ ਅਸਰ ਬਿਜਲੀ ਤੇ ਫਸਲ ‘ਤੇ ਹੋ ਸਕਦਾ ਹੈ। ਇਸ ਕਾਰਨ ਕਿਸਾਨਾਂ ਨੇ ਰੇਲਵੇ ਪਲੇਟਫਾਰਮ ਤੋਂ ਧਰਨਾ ਹਟਾਕੇ ਰੇਲਵੇ ਪਾਰਕ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਚਾਹੇ ਕਿਸਾਨਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਉਠਾ ਦਿੱਤਾ ਪਰ ਸਾਨੂੰ ਨਹੀਂ ਲੱਗਦਾ ਕੀ ਸਰਕਾਰ ਮਾਲ ਗੱਡੀਆਂ ਚਲਾਏਗੀ। ਨਾਲ ਹੀ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਦਾਨੀ ਅੰਬਾਨੀ ਦੀ ਟ੍ਰੈਨ ਕਿਸੇ ਵੀ ਕੀਮਤ ‘ਤੇ ਇੱਥੋਂ ਲੰਘਣ ਨਹੀਂ ਦੇਣਗੇ।