
ਮਾਨਸਾ, 10 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦਿਆਂ ਜ਼ਿਲ੍ਹੇ ਦੇ ਮੈਰਿਜ ਪੈਲੇਸਾਂ ’ਚ ਲਾਇਸੰਸੀ ਅਸਲਾ ਲੈ ਕੇ ਆਉਣ ’ਤੇ ਮੁਕੰਮਲ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ ਵਿਚ ਕੁਝ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਜਾਂਦੇ ਹਨ ਅਤੇ ਸਮਾਗਮਾਂ ਵਿਚ ਸ਼ਰਾਬ ਆਦਿ ਪੀ ਕੇ ਇਕ ਦੂਜੇ ਵਿਅਕਤੀ ਤੋਂ ਹਥਿਆਰ ਖੋਹ ਕੇ ਸਟੇਜ਼ ’ਤੇ ਭੰਗੜਾ ਪਾਉਂਦੇ ਸਮੇਂ ਫਾਇਰ ਕਰਦੇ ਹਨ ਜੋ ਪੈਲੇਸ ਵਿਚ ਮੌਜੂਦ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦੇ ਹਨ, ਅਜਿਹੀਆਂ ਘਟਨਾਵਾਂ ਵਿਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਵਰਨਣਯੋਗ ਹੈ ਕਿ ਮੈਰਿਜ ਪੈਲੇਸਾਂ ਵਿਚ ਅਸਲਾ ਨਾ ਲੈ ਕੇ ਆਉਣ ਸਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇਨ੍ਹਾਂ ਬੋਰਡਾਂ ’ਤੇ ਕਿਸੇ ਵੱਲੋਂ ਕੋਈ ਅਮਲ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੈਰਿਜ਼ ਪੈਲੇਸਾਂ ਵਿਚ ਲਾਇਸੰਸੀ ਹਥਿਆਰ ਨਾ ਲੈ ਕੇ ਆਵੇ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਲਈ ਇਸ ’ਤੇ ਪਾਬੰਦੀ ਲਗਾਉਣੀ ਲਾਜ਼ਮੀ ਹੈ।
ਇਹ ਹੁਕਮ 31 ਜਨਵਰੀ, 2023 ਤੱਕ ਲਾਗੂ ਰਹੇਗਾ।
