ਮਾਨਸਾ 24 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ):ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਤਿੰਨ ਰੋਜ਼ਾ ਧਰਨੇ ਦਾ ਸਮਰਥਨ ਕੀਤਾ ਜਾਵੇਗਾ। ਇਹ ਐਲਾਨ ਅੱਜ ਇਥੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਮੀਟਿੰਗ ਵਿੱਚ ਸੂਬਾਈ ਪ੍ਰਧਾਨ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ,ਸੂਬਾ ਚੀਫ ਐਡਵਾਈਜ਼ਰ ਸੁਰਜੀਤ ਸਿੰਘ , ਐਡਵਾਈਜਰ ਜਸਵਿੰਦਰ ਸਿੰਘ ਭੋਗਲ ਆਦਿ ਵੀ ਹਾਜ਼ਰ ਸਨ।ਉਹਨਾਂ ਕਿਹਾ ਕਿ ਜਥੇਬੰਦੀ ਕਿਸਾਨਾਂ ਦੀਆਂ ਸਮੁੱਚੀਆਂ ਮੰਗਾਂ ਜਿਵੇਂ ਐਮ ਐਸ ਪੀ ਕਾਨੂੰਨ ਬਣਵਾਉਣ, ਕਰਜ਼ੇ ਮੁਆਫ ਕਰਨਾ, ਕਿਸਾਨਾਂ ਵਿਰੁੱਧ ਦਰਜ ਕੀਤੇ ਪਰਚੇ ਵਾਪਸ ਲੈਣ, ਲਖੀਮਪੁਰ ਖ਼ੀਰੀ ਕਾਂਡ ਦਾ ਇਨਸਾਫ਼ ਲੈਣ ਜਾਂ ਹੜਾਂ ਦੌਰਾਨ ਨਸ਼ਟ ਹੋਈ ਫਸਲ ਦਾ ਮੁਆਵਜ਼ਾ ਦੇਣ ਆਦਿ ਵਰਗੀਆਂ ਮੰਗਾਂ ਨਾਲ ਪੂਰਨ ਤੌਰ ਤੇ ਸਹਿਮਤ ਹੈ। ਇਸ ਲਈ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕਰਦੀ ਆ ਰਹੀ ਹੈ ਅਤੇ ਉਹਨਾਂ ਦੀ ਹਰ ਸਰਗਰਮੀ ਚ ਯਥਾ ਸੰਭਵ ਯੋਗਦਾਨ ਵੀ ਦਿੰਦੀ ਹੈ। ਉਨਾਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਕਿਸਾਨ ਜਥੇਬੰਦੀਆਂ ਨਾਲ ਸਾਂਝ ਨੂੰ ਹੋਰ ਵੀ ਪਕੇਰਾ ਕਰਕੇ ਭਰਾਤਰੀ ਸਾਂਝ ਦਾ ਸਬੂਤ ਦੇਣ।