
ਮਾਨਸਾ 10 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੰਯੁਕਤ ਕਿਸਾਨ ਮੋਰਚੇ ਵੱਲੋਂ ਆਯੋਜਿਤ ਦਾਣਾ ਮੰਡੀ ਮੋਗਾ ਵਿਖੇ ਕਿਸਾਨ ਮਹਾਂ ਪੰਚਾਇਤ ਵਿੱਚ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਸਵੀਰ ਸਿੰਘ ਸਹਿਗਲ, ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋਂ ਅਤੇ ਸਿਟੀ ਪ੍ਰਧਾਨ ਦਰਸ਼ਨ ਲਾਲ ਦੀ ਅਗਵਾਈ ਵਿੱਚ ਮੁਢਲੀਆਂ ਸਿਹਤ ਸੇਵਾਵਾਂ ਦਾ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ , ਸੁਖਪਾਲ ਸਿੰਘ ਢਿੱਲਵਾਂ ਅਤੇ ਜਿਲਾ ਚੇਅਰਮੈਨ ਬਲਦੇਵ ਸਿੰਘ ਧੂਲਕੋਟ, ਜਿਲਾ ਅਤੇ ਬਲਾਕ ਆਗੂਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਸਾਥੀ ਜੋਸ਼ੋ ਖਰੋਸ਼ ਨਾਲ ਸਾਮਿਲ ਹੋਏ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਰਪ੍ਰਸਤ ਸੁਰਜੀਤ ਸਿੰਘ ਅਤੇ ਸ਼ਾਮਿਲ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਲੰਮੇ ਸੰਘਰਸ਼ ਦੇ ਬਾਅਦ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮਹਾਨ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਕੋਝੇ ਮਨਸੂਬਿਆਂ ਰਾਹੀਂ ਨਵੀਂ ਖੇਤੀ ਫਰੇਮ ਖਰੜਾ ਰਾਜ ਸਰਕਾਰਾਂ ਰਾਹੀਂ ਲਾਗੂ ਕਰਵਾਉਣ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਦਿੱਲੀ ਸੰਘਰਸ਼ ਦੌਰਾਨ ਐਮ ਐਸ ਪੀ , ਕਿਸਾਨਾਂ ਸਿਰ ਚੜੇ ਕਰਜੇ ਵਰਗੀਆਂ ਹੋਰ ਵੀ ਅਹਿਮ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਸਾਫ ਮੁੱਕਰ ਚੁੱਕੀ ਹੈ। ਅਤੇ ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਲਗਾਤਾਰ ਗਿਆਰਾਂ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਲਾਠੀ ਗੋਲੀ ਦੇ ਜੋਰ ਤੇ ਇਨ੍ਹਾਂ ਮੋਰਚਿਆਂ ਨੂੰ ਖਦੇੜਨ ਦੇ ਯਤਨ ਕੀਤੇ ਜਾ ਰਹੇ ਹਨ। ਪਿਛਲੇ ਡੇੜ ਮਹੀਨੇ ਤੋਂ ਮਰਨ ਵਰਤ ਤੇ ਬੈਠੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦਾ ਵਤੀਰਾ ਅਣ ਮਨੁੱਖੀ ਅਤੇ ਗੈਰ ਜਮਹੂਰੀ ਹੈ। ਅੱਜ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਸਾਰਿਆਂ ਲਈ ਬਹੁਤ ਅਹਿਮ ਹੈ। ਕੇਂਦਰ ਸਰਕਾਰ ਦੀ ਲੰਮੀ ਖਾਮੋਸ਼ੀ ਇਸ ਗੱਲ ਦਾ ਪ੍ਰਤੀਕ ਹੈ ਕਿ ਨਿੱਜੀਕਰਨ ਦੀਆਂ ਨੀਤੀਆਂ ਤੇ ਚੱਲਦੇ ਹਰ ਹਾਲਤ ਵਿੱਚ ਦੇਸ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਪਣ ਲਈ ਤਿਆਰ ਹੈ। ਦੂਜੇ ਪਾਸੇ ਖੇਤੀ ਫਰੇਮ ਖਰੜੇ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ ਵਿਆਪੀ ਕਿਸਾਨ ਮਹਾਂ ਪੰਚਾਇਤਾਂ ਦਾ ਆਯੋਜਨ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ਼ ਲੋਕ ਪੱਖੀ ਨੀਤੀਆਂ ਲਾਗੂ ਕਰਵਾਉਣ ਦਾ ਇੱਕ ਇਤਿਹਾਸਕ ਕਦਮ ਹੈ। ਸਾਰੇ ਆਗੂਆਂ ਨੂੰ ਸੋਸ਼ਲ ਮੀਡੀਆ ਅਤੇ ਜਨਤਕ ਬਹਿਸ ਅਤੇ ਮੀਡੀਆ ਤੇ ਨਿੰਦਾ ਜਨਕ ਸ਼ਬਦਾਂ ਤੋਂ ਗ਼ੁਰੇਜ਼ ਕਰਦਿਆਂ ਤਾਲਮੇਲਵੇਂ ਸੰਘਰਸ਼ਾਂ ਦੇ ਉਪਰਾਲੇ ਲਈ ਪਹਿਲ ਕਦਮੀ ਦੀ ਲੋੜ ਤੇ ਵੀ ਜੋਰ ਦਿੱਤਾ ਤਾਂ ਜੋ ਸਰਕਾਰ ਅਤੇ ਏਜੰਸੀਆਂ ਦੇ ਪਾੜਾ ਪਾਉ ਮਨਸੂਬਿਆਂ ਨੂੰ ਨੰਗਿਆਂ ਕੀਤਾ ਜਾ ਸਕੇ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀ ਪਿ੍ਤ ਮੁਤਾਬਕ ਸੰਘਰਸ਼ ਦਰਮਿਆਨ ਮੁਫ਼ਤ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਅਤੇ ਸ਼ਮੂਲੀਅਤ ਕਰਕੇ ਜ਼ਿੰਮੇਵਾਰੀ ਲਗਾਤਾਰ ਨਿਭਾ ਰਹੀ ਹੈ ਅਤੇ ਦਿੱਲੀ ਸੰਘਰਸ਼ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣੀ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਆਪਣਾ ਭਾਈ ਘਨੱਈਆ ਵਾਲਾ ਰੋਲ ਨਿਭਾਉਂਦੀ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਲੋਕ ਪੱਖੀ ਸੰਘਰਸ਼ਾਂ ਦਾ ਹਿੱਸਾ ਬਣੀ ਰਹੇਗੀ। ਇਸ ਸਮੇਂ ਬਲਾਕ ਆਗੂ ਗੁਰਮੇਲ ਸਿੰਘ ਮਾਨ , ਸ੍ਰੀ ਕ੍ਰਿਸ਼ਨ , ਅਮਨਦੀਪ ਸਿੰਘ ਦੌਧਰ, ਹਰਮੀਤ ਸਿੰਘ ਲਾਡੀ, ਸਵਰਨ ਸਿੰਘ, ਕੁਸਮ ਸ਼ਰਮਾ, ਅਜੀਤ ਜੁਨੇਰ, ਅਵਤਾਰ ਸਿੰਘ , ਜ਼ਿਲ੍ਹਾ ਫਾਜ਼ਿਲਕਾ ਦੀ ਜੁਝਾਰੂ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜ ਕਿਸ਼ਨ ਜੋਸ਼ਨ ਅਤੇ ਤਜਿੰਦਰ ਸ਼ਰਮਾ ਦੀ ਅਗਵਾਈ ਸੁਰੇਸ਼ ਕੁਮਾਰ, ਗੁਰਮੀਤ ਕੰਬੋਜ ਅਤੇ ਸੁਖਜਿੰਦਰ ਸਿੰਘ
ਆਦਿ ਨੇ ਤਨਦੇਹੀ ਨਾਲ ਸੇਵਾ ਨਿਭਾਈ ।
