ਮਾਨਸਾ 26 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫਤਰ ਬਠਿੰਡਾ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਨਾਲ ਚੰਡੀਗੜ੍ਹ ਵਿਖੇ ਇੱਕ ਪੈਨਲ ਮੀਟਿੰਗ ਹੋਈ । ਮੀਟਿੰਗ ਬਹੁਤ ਹੀ ਸੁਖਾਵੇਂ ਅਤੇ ਖੁਸ਼ਗਵਾਰ ਮਾਹੌਲ ‘ਚ ਹੋਈ।ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਸਬੰਧੀ ਲਟਕਦੀ ਚਿਰੋਕਣੀ ਮੰਗ ਬਾਰੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਇਸ ਪੈਨਲ ਮੀਟਿੰਗ’ਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾ. ਹਤਿੰਦਰ ਕੌਰ , ਸਿਹਤ ਸਕੱਤਰ ਪੰਜਾਬ ਮਾਨਯੋਗ ਕੁਮਾਰ ਰਾਹੁਲ, ਡਾਇਰੈਕਟਰ ਆਯੁਰਵੈਦਾ ਡਾ. ਰਵੀ ਕੁਮਾਰ , ਡਿਪਟੀ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ ਅਤੇ ਸਿਹਤ ਵਿਭਾਗ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਵੀ ਮੌਜੂਦ ਰਹੇ।
ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ , ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ, ਚੇਅਰਮੈਨ ਐਚ ਐਸ ਰਾਣੂ, ਲੀਗਲ ਅਡਵਾਈਜ਼ਰ ਜਸਵਿੰਦਰ ਸਿੰਘ ਭੋਗਲ, ਵਾਇਸ ਪ੍ਰਧਾਨ ਦਿਲਦਾਰ ਸਿੰਘ ਚਾਹਲ, ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਮੰਗਾਂ ਸਬੰਧੀ ਮੰਤਰੀ ਸਾਹਿਬ ਤੇ ਅਧਿਕਾਰੀਆਂ ਨਾਲ ਵਿਸਥਾਰ ਪੂਰਵਕ ਚਰਚਾ ਕਰਦਿਆਂ ਦੱਸਿਆ ਕਿ ਮਸਲਾ ਸੂਬੇ ਦੇ ਲੱਖ ਤੋਂ ਜ਼ਿਆਦਾ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਰੁਜ਼ਗਾਰ ਅਤੇ ਸ਼ਹਿਰੀ ਸਲੱਮ ਬਸਤੀਆਂ ਅਤੇ ਪੇਂਡੂ ਖੇਤਰ ਵਿੱਚ ਵਸਦੇ ਲੋੜਵੰਦ ਲੋਕਾਂ ਦੀਆਂ ਸਿਹਤ ਸੇਵਾਵਾਂ ਨਾਲ ਵੀ ਜੁੜਿਆ ਹੋਇਆ ਹੈ। ਸਿਹਤ ਮੰਤਰੀ ਮਾਨਯੋਗ ਡਾ.ਬਲਵੀਰ ਸਿੰਘ ਵੱਲੋਂ ਮੈਡੀਕਲ ਪੈ੍ਕਟੀਸ਼ਨਰਾਂ ਦੇ ਸਿਹਤ ਸੇਵਾਵਾਂ ਦੇ ਖੇਤਰ ‘ਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਬੰਧਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਜਲਦੀ ਸਿਹਤ ਵਿਭਾਗ ਵੱਲੋਂ ਸਾਰਟ ਟਰਮ ਕੋਰਸ ਸ਼ੁਰੂ ਕਰਨ ਦਾ ਭਰੋਸਾ ਦਵਾਉਦਿਆਂ ਅਧਿਕਾਰੀਆਂ ਨੂੰ ਜਲਦੀ ਕਲਾਸਾ ਸ਼ੁਰੂ ਕਰਵਾਉਣ ਦੀ ਮੌਕੇ ‘ਤੇ ਹੀ ਹਦਾਇਤ ਕੀਤੀ। ਉਹਨਾਂ ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਨੂੰ ਖਤਮ ਕਰਨ ਲਈ ਸਹਿਯੋਗ ਦੀ ਮੰਗ ਵੀ ਆਗੂਆਂ ਕੋਲੋਂ ਕੀਤੀ।ਇਸ ਸਮੇਂ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਵੀਰ ਸਿੰਘ ਅਤੇ ਵਿੱਤ ਸਕੱਤਰ ਸੁਖਬੀਰ ਸਿੰਘ ਵੀ ਮੌਜੂਦ ਸਨ । ਮੀਟਿੰਗ ਦੇ ਅਖੀਰ ‘ਚ ਆਗੂਆਂ ਵੱਲੋਂ ਮਾਨਯੋਗ ਸਿਹਤ ਮੰਤਰੀ ਅਤੇ ਸਿਹਤ ਅਧਿਕਾਰੀਆਂ ਦਾ ਜਥੇਬੰਦੀ ਦੀ ਚਿਰੋਕਣੀ ਮੰਗ ‘ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਧੰਨਵਾਦ ਵੀ ਕੀਤਾ