ਮਾਨਸਾ 14 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)
ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕੀਤੇ ਕਤਲ ਦੇ ਵਿਰੋਧ ‘ਚ ਅੱਜ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਸਿਵਲ ਹਸਪਤਾਲ ਮਾਨਸਾ ਵਿਖੇ ਦੋ ਘੰਟੇ ਲਈ ਓ.ਪੀ.ਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਅਤੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ ਗੁਰਜੀਵਨ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਕਲਕੱਤਾ ਦੇ ਆਰ. ਜੀਕਾਰ ਮੈਡੀਕਲ ਕਾਲਜ ਵਿੱਚ ਐੱਮ.ਡੀ. ਦੂਜੇ ਸਾਲ ਦੀ ਪੜਾਈ ਕਰ ਰਹੀ ਇੱਕ ਮਹਿਲਾ ਡਾਕਟਰ ਦਾ ਰਾਤ ਦੀ ਡਿਊਟੀ ਦੌਰਾਨ ਕਾਲਜ ਕੈਂਪਸ ਵਿੱਚ ਹੀ ਬਲਾਤਕਾਰ ਕਰਨ ਉਪਰੰਤ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਘਟਨਾ ਨੇ ਪੂਰੀ ਮਾਨਵਤਾ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਉਨ੍ਹਾ ਦੱਸਿਆ ਕਿ ਪੁਲਿਸ ਅਤੇ ਕਾਨੂੰਨ ਤੋਂ ਬੇਖੌਫ ਦਰਿੰਦਿਆਂ ਨੇ ਜਿਸ ਤਰ੍ਹਾਂ ਇਸ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੇ ਪੂਰੀ ਮੈਡੀਕਲ ਲਾਬੀ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ਼ੁਭਮ ਬਾਂਸਲ ਨੇ ਦੱਸਿਆ ਕਿ ਉਕਤ ਘਟਨਾ ਦੇ ਰੋਸ ਵਜੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦੋ ਘੰਟੇ ਲਈ ਓ.ਪੀ.ਡੀ. ਸੇਵਾਵਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋਕ ਹਿਤਾਂ ਨੂੰ ਸਿਰਫ ਮੁੱਖ ਰੱਖਦਿਆਂ ਐਮਰਜੈਂਸੀ ਸੇਵਾਵਾਂ ਖੱਲੀਆਂ ਰੱਖੀਆਂ ਗਈਆਂ। ਆਪਣੇ ਰੋਸ ਪ੍ਰਦਰਸ਼ਨ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਕਿ ਇਸ ਤਰਾਂ ਦੇ ਮਾਹੋਲ ਵਿੱਚ ਸਾਰੇ ਡਾਕਟਰ ਆਪਣੇ ਆਪ ਨੂੰ ਪੂਰੀ ਤਰਾਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਬੇਹੱਦ ਡਰ ਭੈਅ ਦੇ ਮਾਹੋਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਘਟਨਾਵਾਂ ਨੂੰ ਦੇਖਦਿਆਂ ਮੈਡੀਕਲ ਸਟਾਫ ਨੂੰ ਸੁੱਰਖਿਆ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਬਿਨਾਂ ਭੈਅ ਦੇ ਆਪਣੀ ਡਿਊਟੀ ਨਿਭਾ ਸਕਣ। ਇਸ ਮੌਕੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਡਾ ਸ਼ੇਰਜੰਗ ਸਿੰਘ ਸਿੱਧੂ ਨੇ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ ਵਾਪਰੀ ਇਸ ਘਟਨਾ ਦੀ ਪੁਰਜੋਰ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ ਕਮਲਦੀਪ ਸਿੰਘ, ਡਾ ਛਵੀ ਬਜਾਜ, ਡਾ ਨਿਸ਼ੀ ਸੂਦ, ਡਾ ਕਿਰਨਵਿੰਦਰਪ੍ਰੀਤ ਸਿੰਘ, ਡਾ ਅਨੀਸ਼ ਕੁਮਾਰ, ਡਾ ਪ੍ਰਵੀਨ ਕੁਮਾਰ, ਡਾ ਤਮੰਨਾ ਸੰਘੀ, ਡਾ ਰਿਚੀ ਕਲੇਰ, ਡਾ ਅਮਿਤ ਕੁਮਾਰ, ਡਾ ਅਰਸ਼ਦੀਪ ਸਿੰਘ ਡਾ ਕੋਮਲ, ਡਾ ਸ਼ਾਇਨਾ, ਡਾ ਆਸ਼ੂ ਸ਼ਰਮਾ ਅਤੇ ਡਾ ਨੀਰੂ ਵਿਸ਼ੇਸ਼ ਰੂਪ ਵਿੱਚ ਸ਼ਾਮਲ ਸਨ।