ਬਠਿੰਡਾ 24 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਅਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿੱਚ ਵਧੀਆ ਤਾਲਮੇਲ ਬਣਾਉਣ ਦੇ ਉਦੇਸ਼ ਲਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਅਧਿਆਪਕ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ। ਸਮੂਹ ਸਕੂਲਾਂ ਵਲੋਂ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਦੇ ਲੰਗਰ ਲਗਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਵਿਖੇ ਹਲਕਾ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਲੜੀ ਤਹਿਤ ਬਠਿੰਡੇ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ ਸਮੂਹ ਸਕੂਲਾਂ ਵਿੱਚ ਇਹ ਮੈਗਾ ਅਧਿਆਪਕ ਮਾਪੇ ਮਿਲਣੀ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ ਮੁੱਖੀਆਂ ਵਲੋਂ ਆਪਣੇ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਮੀਟਿੰਗ ਵਿੱਚ ਪਹੁੰਚੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਕਾਰਗੁਜ਼ਾਰੀ,ਪ੍ਰੀਖਿਆ ਵਿੱਚ ਵੱਧ ਅੰਕ ਪ੍ਰਾਪਤ ਕਰਨ, ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਹਿਯੋਗ ਦੇਣ, ਮਿਸ਼ਨ 100% ਲਈ, ਸਰਕਾਰੀ ਸਕੂਲਾਂ ਵਿੱਚ ਵੱਧ ਦਾਖ਼ਲੇ ਕਰਾਉਣ ਸੰਬੰਧੀ ਅਤੇ ਛੁੱਟੀਆਂ ਵਿੱਚ ਬੱਚਿਆਂ ਦੀ ਪੜ੍ਹਾਈ ਦੀ ਸਮਾਂ ਸਾਰਣੀ ਬਣਾਉਣ ਲਈ ਮਾਪਿਆਂ ਨੂੰ ਉਤਸ਼ਾਹਿਤ ਕੀਤਾ।ਤਾਂ ਜ਼ੋ ਮਿਸ਼ਨ 100 ਪ੍ਰਤੀਸ਼ਤ ਟੀਚਾ ਪੂਰਾ ਕੀਤਾ ਜਾ ਸਕੇ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਵਲੋਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਰਾਮਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ, ਮੰਡੀ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ ਪਿੰਡ ਵਲੋਂ ਸਕੂਲਾ ਵਿੱਚ ਜਾ ਕੇ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਸੁਨੀਲ ਕੁਮਾਰ ਹਾਜ਼ਰ ਸਨ। ਇਸ ਮੀਟਿੰਗ ਵਿੱਚ ਮਾਪਿਆਂ, ਪਿੰਡਾਂ ਦੀਆਂ ਪੰਚਾਇਤਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਭਾਗ ਲਿਆ।