*ਮੈਂ ਤਾਂ ਬਾਹਰ ਹੀ ਜਾਣੈ..!*

0
90

ਪਿੰਡ ਦੇ ਬੱਸ ਅੱਡੇ ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਗਵਾ ਰਹੇ ਜਗਤਾਰ ਸਿੰਘ ਨੂੰ ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ ” ਕੀ ਹਾਲ ਐ ਤਾਰੀ ? ਫ਼ਸਲ ਬਾੜੀ ਵਧੀਐ? ਉਹ ਸੱਚ ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?” ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ। ਜਗਤਾਰ ਨੇ ਉੱਤਰ ਦਿੰਦਿਆਂ ਕਿਹਾ “ ਵਧੀਐ ਬਾਈ ! ਮੁੰਡੇ ਨੇ ਬਾਰਵੀਂ ਕਰ ਲਈ ਸੀ। ਹੁਣ ਇੱਕ ਗੱਲ ਤੇ ਹੀ ਅੜਿਐ, ਕਹਿੰਦਾ ਮੈਂ ਤਾਂ ਬਾਹਰ ਹੀ ਜਾਣੈ। ਮੈਂ ਕਿਹਾ ਚੱਲ ਕੋਈ ਨਾ, ਕਰਾਂਗੇ ਕੋਈ ਖੱਬਾ ਸੱਜਾ। ਹੁਣ ਓਹ ਬਾਹਰ ਜਾਣ ਦਾ ਕੋਰਸ (ਆਈਲੈਟਸ) ਕਰਨ ਲੱਗ ਪਿਐ ਸ਼ਹਿਰ।” ਗੁਰਜੰਟ ਨੇ ਹੁੰਗਾਰਾ ਭਰਦਿਆਂ ਕਿਹਾ “ ਚਲ ਕੋਈ ਨਾ ਜੇ ਕਰਦੈ ਤਾਂ ਕਰਵਾ ਦੇ। ਨਾਲੇ ਚਾਰ-ਪੰਜ ਕਿਲਿਆਂ ਦੀ ਖੇਤੀ ਦੀ ਕਿੰਨੀ ਕ ਆਮਦਨ ਐ। ਬਾਕੀ ਇਥੇ ਕਿਹੜਾ ਨੌਕਰੀਆਂ ਮਿਲਦੀਆਂ।”     ਬਰਾਂਡੇ ਵਿੱਚ ਮੋਟਰਸਾਈਕਲ ਖੜਾਉਂਦਿਆਂ ਜਗਤਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਪੁੱਛਿਆ “ ਆ ਗਏ ਤੁਸੀਂ ? ਲੈ ਆਏ ਆੜਤੀਏ ਤੋਂ ਵੀਹ ਹਜ਼ਾਰ ਫੜਕੇ? ਗਗਨ ਕਹਿੰਦਾ ਸੀ ਕੱਲ੍ਹ ਨੂੰ ਪੇਪਰ ਭਰਨ ਦੀ ਲਾਸਟ ਤਰੀਕ ਐ!” ਜਗਤਾਰ ਨੇ ਪੈਸਿਆਂ ਵਾਲਾ ਝੋਲਾ ਬਲਜੀਤ ਕੌਰ ਨੂੰ ਫੜਾਉਂਦਿਆਂ ਕਿਹਾ “ਪਹਿਲਾਂ ਪਾਣੀ ਪੁਣੀ ਤਾਂ ਪੁੱਛ ਲਿਆ ਕਰ! ਲੈ ਸਾਂਭ ਦੇ ਇਨ੍ਹਾਂ ਨੂੰ।” ਬਲਜੀਤ ਕੌਰ ਨੇ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ “ ਐਂਵੇ ਨਾ ਔਖੇ ਭਾਰੇ ਜੇ ਹੋਇਆ ਕਰੋ! ਤੁਸੀਂ ਪਹਿਲਾਂ ਤਾਂ ਕਦੇ ਨਹੀਂ ਸੁਣੀ ਮੇਰੀ, ਹੁਣ ਮਸਾਂ ਅੱਡ ਵਿਢ ਹੋਏ ਆਂ। ਮੇਰੀ ਮੰਨੋ ਜਿਵੇਂ ਕਿਵੇਂ ਕਰਕੇ  ਗਗਨ ਨੂੰ ਤੋਰਦੋ ਬਾਹਰ, ਜੂਨ ਸੁਧਰ ਜੂ ਆਪਣੀ। ਮੇਰੀ ਭੁੱਆ ਦੇ ਪੋਤੇ ਨੂੰ ਦੇਖਲੋ, ਹਲੇ ਮਸਾਂ ਦੋ ਢਾਈ ਸਾਲ ਹੋਏ ਆ ਪੱਕਾ ਹੋ ਗਿਆ, ਨੋਟਾਂ ਚ ਖੇਡਦੇਆ ਅਗਲੇ।”     ਇੱਕ ਮਹੀਨੇ ਬਾਅਦ ਆਈਲੈਟਸ ਦਾ ਰਿਜਲਟ ਆ ਗਿਆ ਪਰ ਗਗਨ ਦਾ ਬੈਂਡ ਸਕੋਰ ਪੰਜ ਹੀ ਰਹਿ ਗਿਆ। ਬਲਜੀਤ ਕੌਰ ਦੇ ਵਾਰ ਵਾਰ ਸਮਝਾਉਣ ਤੇ ਜਗਤਾਰ ਸਿੰਘ ਨੇ ਇੱਕ ਵਾਰ ਫੇਰ ਔਖੇ ਸੌਖੇ ਟੈਸਟ ਦੇ ਪੈਸੇ ਭਰ ਦਿੱਤੇ। ਪਰ ਇਸ ਵਾਰ ਵੀ ਗਗਨ ਪੂਰੇ ਬੈਂਡ ਹਾਸਲ ਨਾ ਕਰ ਸਕਿਆ।        ਨਿਰਾਸ਼ ਹੋਏ ਗਗਨ ਨੂੰ ਸਮਝਾਉਂਦਿਆਂ ਉਸਦੀ ਮਾਂ ਨੇ ਕਿਹਾ “ ਚਲ ਕੋਈ ਨਾ ਪੁੱਤ ਇੱਕ ਵਾਰੀ ਹੋਰ ਪੇਪਰ ਦੇ ਲਈਂ! ਮੈਂ ਆਪੇ ਮਨਾ ਲਊਂ ਤੇਰੇ ਪਿਓ ਨੂੰ।”  ਗਗਨ ਨੇ ਵਿਚੋਂ ਟੋਕਦਿਆਂ ਕਿਹਾ “ ਨਹੀਂ ਮਾਂ! ਹੁਣ ਨਹੀਂ ਨਿਕਲਦਾ ਮੇਰੇ ਤੋਂ ਟੈਸਟ ਟੁਸਟ! ਪਰ ਮੈਂ ਜਾਣਾ ਬਾਹਰ ਹੀ ਐ। ਇੱਕ ਏਜੈਂਟ ਕਹਿੰਦਾ ਸੀ ਕਿ 6 ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਓਹਦੀਆਂ ਫੀਸਾਂ ਭਰ ਕੇ ਭੇਜ ਦਿਆਂਗੇ। ਫੇਰ ਉਹ ਉਥੇ ਜਾ ਕੇ ਮੈਨੂੰ ਸੱਦ ਲਊ।”  ਬਲਜੀਤ ਕੌਰ ਨੇ ਹੈਰਾਨ ਹੋ ਕੇ ਪੁੱਛਿਆ “ ਐਵੇਂ ਕਿਵੇਂ? ਪਰ ਕਿਸੇ ਤੇ ਪੈਸੇ ਲਾਉਣ ਲਈ ਤੇਰੇ ਪਿਓ ਨੂੰ ਕੌਣ ਮਨਾਉ! ਮੈਂ ਤਾਂ ਪਹਿਲਾਂ ਮਸਾਂ ਰਾਜ਼ੀ ਕੀਤਾ ਸੀ।”       ਜਗਤਾਰ ਸਿੰਘ ਨੇ ਗੱਲ ਸੁਣਦਿਆਂ ਹੀ ਸਾਫ ਮਨਾ ਕਰ ਦਿੱਤਾ। ਗਗਨ ਨੇ ਗੁੱਸੇ ਹੋ ਕੇ ਕਿਹਾ “ਬਾਹਰ ਜਾਣਾ ਹੁਣ ਮੇਰੀ ਇਜ਼ਤ ਦਾ ਸਵਾਲ ਐ! ਜੇਕਰ ਤੁਸੀਂ ਨਹੀਂ ਮੰਨਣਾ ਤਾਂ ਮੈਂ ਕੁਝ ਖਾ ਕੇ ਮਰ ਜਾਊਂ।” ਬਲਜੀਤ ਕੌਰ ਨੇ ਰੋਂਦੇ ਹੋਏ ਜਗਤਾਰ ਸਿੰਘ ਨੂੰ ਕਿਹਾ “ਤੁਸੀਂ ਵੀ ਐਂਵੇ ਅੜੀ ਕਰ ਬੈਠਦੇ ਓ! ਜੇ ਜਵਾਕ ਨੇ ਕੁਝ ਕਰ ਲਿਆ ਫੇਰ ਅੱਖਾਂ ਚ ਘਸੂਨ ਦੇ ਕੇ ਰੋਵਾਂਗੇ। ਕੁਝ ਨਹੀਂ ਹੁੰਦਾ ਜ਼ਮੀਨ ਵੇਚ ਦਿਆਂ ਗੇ ਥੋੜੀ ਘਣੀ, ਓਹ ਵੀ ਤਾਂ ਓਸੇ ਦੀ ਐ!” ਜਗਤਾਰ ਸਿੰਘ ਦੁਚਿੱਤੀ ਵਿੱਚ ਫ਼ਸਿਆ ਕਦੇ ਪੁਰਖਾਂ ਦੀ ਸਾਂਭੀ ਜ਼ਮੀਨ ਬਾਰੇ ਸੋਚਦਾ ਅਤੇ ਕਦੇ ਮੁੰਡੇ ਬਾਰੇ। ਗੁਰਜੰਟ ਸਿੰਘ ਦੇ ਕਹੇ ਬੋਲਾਂ ਨੇ ਵੀ ਉਸਨੂੰ ਅੰਦਰੋਂ ਹਾਂ ਕਰਨ ਲਈ ਮਜਬੂਰ ਕਰ ਹੀ ਦਿੱਤਾ।  

ਚਾਨਣ ਦੀਪ ਸਿੰਘ ਔਲਖ

LEAVE A REPLY

Please enter your comment!
Please enter your name here