*ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਪਿੰਡ ਨੰਗਲ ਕਲਾਂ, ਡੇਲੂਆਣਾ ਅਤੇ ਅੱਕਾਂਵਾਲੀ ਦੇ ਪ੍ਰਾਇਮਰੀ ਸਕੂਲ, ਆਂਗਣਵਾੜੀ ਕੇਂਦਰ ਅਤੇ ਰਾਸ਼ਨ ਡਿੱਪੂਆਂ ਦੀ ਅਚਨਚੇਤ ਚੈਕਿੰਗ*

0
416

ਮਾਨਸਾ, 20 ਫਰਵਰੀ:(ਸਾਰਾ ਯਹਾਂ/ਮੁੱਖ ਸੰਪਾਦਕ):
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਨੈਸ਼ਨਲ ਫੂਡ ਸਕਿਊਰਟੀ ਐਕਟ-2013 ਤਹਿਤ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ, ਡੇਲੂਆਣਾ ਅਤੇ ਅੱਕਾਂਵਾਲੀ ਦੇ ਸਕੂਲਾਂ ’ਚ ਮਿਡ ਡੇਅ ਮੀਲ, ਆਂਗਣਵਾੜੀ ਕੇਂਦਰ ਅਤੇ ਰਾਸ਼ਨ ਡਿੱਪੂਆਂ ਦੀ ਅਚਨਚੇਤ ਚੈਕਿੰਗ ਕੀਤੀ।
ਉਨ੍ਹਾਂ ਵੱਖ ਵੱਖ ਸਕੂਲਾਂ ਵਿਖੇ ਚੈਕਿੰਗ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇਅ ਮੀਲ ਦੀ ਗੁਣਵੱਤਾ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਭਵਿੱਖ ਅੰਦਰ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਾਫ ਸਫਾਈ ਦਾ ਹੋਰ ਵਧੇਰੇ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਆਂਗਣਵਾੜੀ ਸੈਂਟਰਾਂ ਦੀ ਜਾਂਚ ਦੌਰਾਨ ਬੰਦ ਪਏ ਸੈਂਟਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਨਸਾ ਨੂੰ ਸਬੰਧਤ ਕਰਮੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰ ਸਰਕਾਰ ਵੱਲੋਂ ਛੋਟੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਹਨ ਜਿੰਨ੍ਹਾਂ ਦਾ ਸਮੇਂ ਨਾਲ ਨਾ ਖੁੱਲ੍ਹਣਾ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ।
ਉਨ੍ਹਾਂ ਸਮੂਹ ਡਿਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਅਨਾਜ ਦੀ ਵੰਡ ਵਿਚ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ ਡਿਪੂਆਂ ’ਤੇ ਸ਼ਿਕਾਇਤ ਬਾਕਸ, ਸੁਝਾਅ ਬਾਕਸ ਅਤੇ ਸਰਕਾਰੀ ਸਕੀਮਾਂ ਸਬੰਧੀ ਜਾਗਰੂਕਤਾ ਬੈਨਰ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਪ੍ਰਾਪਤ ਸਮੱਗਰੀ ਸਮੇਂ ਸਿਰ ਦਿੱਤੀ ਜਾਵੇ ਅਤੇ ਡਿਪੂਆਂ ’ਤੇ ਗੁਣਵੱਤਾ ਭਰਪੂਰ ਅਨਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਾਭਪਾਤਰੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 98767-64545 ਜਾਂ ਈ-ਮੇਲ ਆਈ.ਡੀ. punjabfoodcommission0gmail.com ’ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here