ਬਰੇਟਾ ,2 ਨਵੰਬਰ (ਸਾਰਾ ਯਹਾ /ਰੀਤਵਾਲ) ਪੰਜਾਬ ਵਿੱਚ ਸਰਕਾਰੀ ਇਮਾਰਤਾਂ ਬੇਹੱਦ ਖਸਤਾ ਹਾਲਤ ਵਿੱਚ
ਹੋਣ ਕਾਰਨ ਖੰਡਰ ਬਣੀਆ ਪਈਆ ਹਨ। ਜਿੰਨਾਂ ਦਾ ਰੱਬ ਹੀ ਰਾਖਾ ਹੈ। ਇਸ
ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਹਰਗੋਬਿੰਦ ਸ਼ਰਮਾਂ ਨੇ ਦੱਸਿਆ
ਹੈ ਕਿ ਬਰੇਟਾ ਵਿੱਚ ਇੱਕ ਅਜਿਹੀ ਪੁਰਾਣੀ ਇਮਾਰਤ ਹੈ ,ਜੋ ਆਜਾਦੀ ਦੇ ਸਮੇਂ
ਤੋਂ ਪਹਿਲਾਂ ਦੀ ਬਣੀ ਹੋਈ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਇਮਾਰਤ ਦੀ
ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।ਇੱਥੇ ਇਹ ਵੀ ਜਿਕਰਯੋਗ ਹੈ ਇਹ ਇਮਾਰਤ
ਵਾਲੀ ਥਾਂ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਬੇਸ਼ਕੀਮਤੀ ਹੈ । ਜਿਸਤੇ ਧਰਮ ਦੀ
ਆੜ੍ਹ ‘ਚ ਕਈ ਵਾਰ ਕਬਜੇ ਕਰਨ ਦੀਆਂ ਚਾਲਾ ਵੀ ਚੱਲੀਆਂ ਜਾ ਚੁੱਕੀਆ ਹਨ । ਜੇਕਰ
ਇਸ ਇਮਾਰਤ ਦੇ ਪਿਛਲੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਸ਼ੁਰੂ ਵਿੱਚ ਇਹ
ਇਮਾਰਤ ਪੁਲਿਸ ਵਿਭਾਗ ਦੇ ਕਬਜੇ ਵਿੱਚ ਰਹੀ । ਜੋ ੧੯੪੨ ਤੋਂ ਚੌਕੀ ਦੇ ਰੂਪ ਵਿੱਚ
ਅਤੇ ੧੯੪੫ ਵਿੱਚ ਥਾਣੇ ਵਿੱਚ ਤਬਦੀਲ ਹੋ ਗਈ ਅਤੇ ਲੰਮਾ ਸਮਾ ਬਰੇਟਾ ਥਾਣਾ
ਇੱਥੇ ਚੱਲਦਾ ਰਿਹਾ ਤੇ ਫਿਰ ਪੁਲਿਸ ਸਟੇਸ਼ਨ ਦੀ ਆਪਣੀ ਇਮਾਰਤ ਸੰਨ ੨੦੦੦ ਵਿੱਚ
ਤਿਆਰ ਹੋ ਜਾਣ ਕਾਰਨ ਪੁਲਿਸ ਥਾਣਾ ਉੱਥੇ ਤਬਦੀਲ ਹੋ ਗਿਆ ਅਤੇ ਇਸੇ ਸਾਲ
ਇੱਥੇ ਮਾਲ ਵਿਭਾਗ ਵੱਲੋਂ ਸਬ ਤਹਿਸੀਲ ਦਾ ਦਫਤਰ ਬਣਾ ਦਿੱਤਾ ਗਿਆ ਅਤੇ
੨੦੧੧ ਤੱਕ ਸਬ ਤਹਿਸੀਲ ਦਾ ਕੰਮਕਾਜ ਇੱਥੇ ਚਲਦਾ ਰਿਹਾ ਅਤੇ ਫਿਰ ਸ਼ਹਿਰ ਤੋਂ
ਦੂਰ ਦੁਰਾਡੇ ਉਜਾੜ ‘ਚ ਨਵੀਂ ਸਬ ਤਹਿਸੀਲ ਦੀ ਬਿਲਡਿੰਗ ਬਣਨ ਤੇ ਇਸਨੂੰ
ਉੱਥੇ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਇਮਾਰਤ ਵਿੱਚ ਅੱਜ ਵੀ ਮਾਲ ਮਹਿਕਮੇ
ਦੇ ਕੁਝ ਕਰਮਚਾਰੀਆਂ ਦੇ ਦਫਤਰ ਮੌਜੂਦ ਹਨ ਪਰੰਤੂ ਇਸ ਇਮਾਰਤ ਦਾ ਕੋਈ
ਅਸਲੀ ਵਾਰਿਸ ਨਾ ਹੋਣ ਕਾਰਨ ਇਹ ਹੁਣ ਖੰਡਰ ਹੋਣ ਵੱਲ ਵੱਧ ਰਹੀ ਹੈ । ਉਨ੍ਹਾਂ
ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪੁਰਾਤਨ ਇਮਾਰਤ ਵੱਲ ਧਿਆਨ ਦੇ ਕੇ ਇਸ ਦਾ
ਮੂੰਹ ਮੱਥਾ ਸੰਵਾਰਨ ਲਈ ਅਨੇਕਾਂ ਵਾਰ ਗੁਹਾਰ ਲਗਾ ਚੁੱਕੇ ਹਾਂ ਪਰ ਅੱਜ
ਤੱਕ ਕਿਸੇ ਵੱਲੋਂ ਇਸ ਇਮਾਰਤ ਵੱਲ ਝਾਤ ਮਾਰਨ ਦੀ ਖੇਚਲ ਨਹੀਂ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਉਜਾੜ ‘ਚ ਬਣੀ ਸਬ ਤਹਿਸੀਲ ਨੂੰ ਇਸ ਥਾਂ ਤੇ ਮੁੜ
ਲਿਆਉਣ ਲਈ ਕੁਝ ਮਹੀਨੇ ਪਹਿਲਾਂ ਕੁਝ ਲੋਕਾਂ ਵੱਲੋਂ ਇਕਮੁੱਠ ਹੋ ਕੇ ਆਵਾਜ
ਬੁਲੰਦ ਕੀਤੀ ਗਈ ਸੀ ਪਰ ਉਹ ਆਵਾਜ਼ ਵੀ ਇੱਕ ਵਾਰ ਠੰਢੇ ਬਸਤੇ ‘ਚ ਪੈਂਦੀ
ਨਜ਼ਰ ਆ ਰਹੀ ਹੈ । ਇੰਨਸਾਫ ਪਸੰਦ ਲੋਕਾਂ ਦੀ ਮੰਗ ਹੈ ਕਿ ਮੁੜ ਇਸ ਦਫਤਰ
ਨੂੰ ਚਾਲੂ ਕਰਵਾਉਣ ਲਈ ਸਾਫ ਅਕਸ਼ ਵਾਲੇ ਲੋਕ ਸੰਘਰਸ਼ ਕਰਨ ਲਈ ਅੱਗੇ
ਆਉਣ ।