*ਮੁੱਖ ਸਕੱਤਰ ਵੱਲੋਂ ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਸਥਿਤੀ ਦਾ ਜਾਇਜ਼ਾ*

0
5

ਚੰਡੀਗੜ੍ਹ, 26 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਯੂਕਰੇਨ ਵਿੱਚ ਜੰਗ ਕਾਰਨ ਸੰਕਟ ਵਿੱਚ ਘਿਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ ਨੇ ਸ਼ਨਿੱਚਰਵਾਰ ਨੂੰ ਇਥੇ ਉੱਚ ਪੱਧਰੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਸਮਰਪਿਤ 24×7 ਕੰਟਰੋਲ ਰੂਮ ਨੰਬਰਾਂ ‘ਤੇ ਪ੍ਰਾਪਤ ਕਾਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ, ਸੀ.ਪੀਜ਼. ਅਤੇ ਐਸ.ਐਸ ਪੀਜ਼. ਨੂੰ ਨਿਰਦੇਸ਼ ਦਿੱਤੇ ਕਿ ਜੰਗ ਪ੍ਰਭਾਵਿਤ ਇਸ ਮੁਲਕ ਵਿੱਚ ਫਸੇ ਪੰਜਾਬ ਦੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅੱਪਡੇਟ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਅਸਲ ਗਿਣਤੀ ਪਤਾ ਲੱਗ ਸਕੇ।
 ਇੱਥੇ ਆਪਣੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐਸਐਸਪੀਜ਼ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 (ਪੰਜਾਬ ਤੋਂ ਫੋਨ ਕਰਨ ਲਈ) ਅਤੇ +91-172 4111905 ਉਤੇ (ਭਾਰਤ ਤੋਂ ਬਾਹਰੋਂ ) ਸੰਪਰਕ ਕਰਨ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟਰੋਲ ਰੂਮ ਨੰਬਰਾਂ ‘ਤੇ ਹੁਣ ਤੱਕ ਕੁੱਲ 155 ਕਾਲਾਂ ਆ ਚੁੱਕੀਆਂ ਹਨ ਅਤੇ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਨ੍ਹਾਂ ਕਾਲਾਂ ਰਾਹੀਂ ਪ੍ਰਾਪਤ ਜਾਣਕਾਰੀ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਸ਼੍ਰੀ ਤਿਵਾੜੀ ਨੇ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਨੂੰ ਯੂਕਰੇਨ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਨਵੀਂ ਦਿੱਲੀ ਹਵਾਈ ਅੱਡੇ ‘ਤੇ ਇੱਕ ਪੰਜਾਬ ਹੈਲਪ ਡੈਸਕ ਸਥਾਪਤ ਕਰਨ  ਲਈ ਕਿਹਾ ਅਤੇ ਇਸਦੇ  ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਤਾਲਮੇਲ ਕਰਨ ਲਈ ਵੀ ਕਿਹਾ। ਮੁੱਖ ਸਕੱਤਰ ਨੇ ਫਸੇ ਹੋਏ ਵਿਅਕਤੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਪੂਰਵ ਤਾਲਮੇਲ ਤੋਂ ਬਿਨਾਂ ਕਿਸੇ ਵੀ ਸਰਹੱਦੀ ਚੌਕੀ ‘ਤੇ ਨਾ ਜਾਣ ਅਤੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।                                                                                                        ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਸ੍ਰੀ ਅਨੁਰਾਗ ਵਰਮਾ, ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ. ਭਾਵਰਾ, ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤਾਂ ਵਿਭਾਗ ਸ੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਤੇ ਤਾਲਮੇਲ ਸ੍ਰੀ ਵਿਵੇਕ ਪ੍ਰਤਾਪ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ-ਕਮ- ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਕੇ.ਕੇ. ਯਾਦਵ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ ‌।————-

LEAVE A REPLY

Please enter your comment!
Please enter your name here