*ਮੁੱਖ ਮੰਤਰੀ ਵੱਲੋਂ ਸੂਬੇ ਵਿਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ ਚੰਡੀਗੜ੍ਹ ਵਿਖੇ ਵਿਸ਼ਵ ਹਾਕੀ ਕੱਪ ਦੀ ਟਰਾਫੀ ਦਾ ਸਵਾਗਤ*

0
8

ਚੰਡੀਗੜ੍ਹ, 15 ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼ )   : ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕੀਤਾ ਕਿ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ਉਤੇ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ ਦੀ ਟਰਾਫੀ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਹਾਕੀ ਦੇ ਮੈਦਾਨ ਵਿਚ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਭਰ ਵਿਚ ਸੂਬੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਪਿਛਲੇ ਸਾਲ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ 41 ਸਾਲਾਂ ਬਾਅਦ ਓਲੰਪਿਕ ਵਿਚ ਤਮਗਾ ਜਿੱਤਿਆ ਅਤੇ ਇਸ ਟੀਮ ਵਿਚ ਜੇਤੂ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 11 ਖਿਡਾਰੀ ਸੂਬੇ ਨਾਲ ਸਬੰਧਤ ਸਨ। 1975 ਵਿੱਚ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਅਜੀਤਪਾਲ ਸਿੰਘ ਕੋਲ ਸੀ। ਅਗਲੇ ਮਹੀਨੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀ ਟੀਮ ਦੇ ਕੈਂਪ ਵਿੱਚ ਵੀ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਇਸ ਜੇਤੂ ਸਫ਼ਰ ਨੂੰ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਹੋਰ ਮੈਡਲ ਦੇਸ਼ ਦੀ ਝੋਲੀ ਪਾਏ ਜਾ ਸਕਣ।
ਮੁੱਖ ਮੰਤਰੀ ਨੇ ਦੁੱਖ ਜਾਹਰ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਅਵੇਸਲੇਪਣ ਨਾਲ ਹਾਕੀ ਸਾਡੀ ਕੌਮੀ ਖੇਡ ਹੋਣ ਦੇ ਬਾਵਜੂਦ ਖੇਡ ਮੈਦਾਨ ਵਿਚ ਪਛੜਦੀ ਰਹੀ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਹਾਕੀ ਨੂੰ ਬਣਦਾ ਰੁਤਬਾ ਦਿਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਬੰਧ ਵਿਚ ਵੱਡੇ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਖੇਡਾਂ ਖਾਸ ਕਰਕੇ ਹਾਕੀ ਨੂੰ ਪ੍ਰਫੁੱਲਤ ਕਰਕੇ ਨਸ਼ਿਆਂ ਵਰਗੀ ਅਲਾਮਤ ਦਾ ਖਾਤਮਾ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹਾਕੀ ਦੀ ਸੁਰਜੀਤੀ ਲਈ ਹੋਰ ਵਸੀਲੇ ਜੁਟਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਅਥਾਹ ਸਮਰੱਥਾ ਨੂੰ ਖੇਡਾਂ ਦੇ ਖੇਤਰ ਵਾਲੇ ਲਾਉਣ ਲਈ ਹਰੇਕ ਯਤਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਰੇਕ ਪੰਜਾਬੀ ਦੇ ਸੁਹਿਰਦ ਯਤਨਾਂ ਨਾਲ ਹਾਕੀ ਸੁਰਜੀਤੀ ਦੇ ਰਾਹ ਪੈ ਜਾਵੇਗੀ।

LEAVE A REPLY

Please enter your comment!
Please enter your name here