ਚੰਡੀਗੜ੍ਹ, 4 ਅਕਤੂਬਰ(ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਲੱਗੀ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ।
ਇੱਥੇ ਦਹਾਕਿਆਂ ਪਹਿਲਾਂ ਲੱਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੀ ਤਸਵੀਰ ਦੀ ਥਾਂ ਹੁਣ ਇਹ 29 ਫੁੱਟ ਲੰਮੀ ਤੇ 11 ਫੁੱਟ ਉੱਚੀ ਤਸਵੀਰ ਲਗਾਈ ਗਈ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਕਈ ਤਸਵੀਰਾਂ ਮੁੱਖ ਮੰਤਰੀ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿੱਚੋਂ ਇਸ ਤਸਵੀਰ ਦੀ ਚੋਣ ਕੀਤੀ ਗਈ। ਇਹ ਤਸਵੀਰ ਵਿਸ਼ੇਸ਼ ਟਰਾਂਸਲਿਟ ਸ਼ੀਟ ਉਤੇ ਛਪੀ ਹੈ ਅਤੇ ਤਸਵੀਰ ਨੂੰ ਰੁਸ਼ਨਾਉਣ ਲਈ ਇਸ ਦੇ ਪਿੱਛੇ 150 ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪੰਜਾਬੀਆਂ ਖ਼ਾਸ ਤੌਰ ਉਤੇ ਸਿੱਖਾਂ ਲਈ ਦੁਨੀਆ ਦਾ ਸਭ ਤੋਂ ਪਵਿੱਤਰ ਸਥਾਨ ਹੈ ਅਤੇ ਇਹ ਸਥਾਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਪਾਵਨ ਸਥਾਨ ਸਾਨੂੰ ਹਮੇਸ਼ਾ ਤੋਂ ਆਪਣੇ ਫ਼ਰਜ਼ ਪੂਰੇ ਸਮਰਪਣ ਤੇ ਦਿਆਨਤਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਅੱਜ ਇੱਥੇ ਸਿਰਫ਼ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਨਹੀਂ ਆਏ, ਸਗੋਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਆਏ ਹਨ, ਜੋ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਬਲ ਬਖ਼ਸ਼ ਰਿਹਾ ਹੈ।
ਇਸ ਮੌਕੇ ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਭੁਪਿੰਦਰ ਸਿੰਘ, ਵਧੀਕ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸੰਦੀਪ ਸਿੰਘ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।