*ਮੁੱਖ ਮੰਤਰੀ ਵੱਲੋਂ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਹਾਇਤਾ ਦੀ ਮੰਗ ‘ਤੇ ਸੈਨਾ ਦੀ ਪੱਛਮੀ ਕਮਾਂਡ ਵੱਲੋਂ ਬੰਦ ਪਏ ਆਕਸੀਜਨ ਪਲਾਂਟ ਮੁੜ ਕਾਰਜਸ਼ੀਲ ਕਰਨ ਲਈ ਪੰਜਾਬ ਨੂੰ ਮੱਦਦ ਦੀ ਪੇਸ਼ਕਸ਼*

0
20

ਚੰਡੀਗੜ੍ਹ, 26 ਅਪਰੈਲ  (ਸਾਰਾ ਯਹਾਂ/ਮੁੱਖ ਸੰਪਾਦਕ)  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਹਾਇਤਾ ਦੀ ਅਪੀਲ ਦੇ ਜਵਾਬ ਵਿੱਚ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਅੱਜ ਹਸਪਤਾਲਾਂ ਵਿੱਚ ਮੈਡੀਕਲ ਕਰਮੀਆਂ ਦੀ ਕਮੀ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਮੈਡੀਕਲ ਸਟਾਫ ਅਤੇ ਡਾਕਟਰੀ ਸਿਖਲਾਈਯਾਫ਼ਤਾ ਕਰਮਚਾਰੀਆਂ ਦੀਆਂ ਸੇਵਾਵਾਂ ਸਣੇ ਹਰ ਸੰਭਵ ਮੱਦਦ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਸੂਬੇ ਦੇ ਮੌਜੂਦਾ ਸਮੇਂ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮੱਦਦ ਦੀ ਪੇਸ਼ਕਸ਼ ਕੀਤੀ ਗਈ ਹੈ।
ਪੱਛਮੀ ਕਮਾਂਡ ਦੇ ਜੀ.ਓ.ਸੀ-ਇਨ-ਸੀ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ, ਏ.ਵੀ.ਐਸ.ਐਮ, ਵੀ.ਐਸ.ਐਮ ਨੇ ਸੀਨੀਅਰ ਕਮਾਂਡ ਅਧਿਕਾਰੀਆਂ ਨਾਲ ਮੁੱਖ ਮੰਤਰੀ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਪ੍ਰਸਤਾਵਿਤ 100 ਬਿਸਤਰਿਆਂ ਵਾਲੀ ਕੋਵਿਡ ਸਹੂਲਤ ਨੂੰ ਚਲਾਉਣ ਲਈ ਸਟਾਫ ਮੁਹੱਈਆ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ। ਇਹ ਹਸਪਤਾਲ ਉਸ ਇਮਾਰਤ ਵਿੱਚ ਸਥਾਪਤ ਕਰਨ ਦੀ ਤਜਵੀਜ਼ ਹੈ ਜੋ ਇਸ ਮਕਸਦ ਹਿੱਤ ਸੀ.ਐਸ.ਆਈ.ਆਰ. ਵੱਲੋਂ ਸੂਬਾ ਸਰਕਾਰ ਨੂੰ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਡਾਕਟਰੀ ਮਾਹਿਰਾਂ ਨਾਲ ਸਮੀਖਿਆ ਮੀਟਿੰਗ ਵਿਚ ਕਿਹਾ ਕਿ ਸਰਕਾਰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਰਾਹੀਂ ਮਨੁੱਖੀ ਸ਼ਕਤੀ ਅਤੇ ਆਈ.ਸੀ.ਯੂ. ਬੈੱਡ ਮੁਹੱਈਆ ਕਰਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੀ ਪਹੁੰਚ ਕਰ ਰਹੀ ਹੈ।
ਲੈਫਟੀਨੈਂਟ ਜਨਰਲ ਆਰ.ਪੀ. ਸਿੰਘ ਨੇ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਦੱਸਿਆ ਕਿ ਕਮਾਂਡ ਸੈਂਟਰ ਦੁਆਰਾ ਤਕਨੀਕੀ ਅਤੇ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰੀ ਅਮਲੇ ਦੀ ਸਹਾਇਤੀ ਲਈ 15 ਸਿਖਲਾਈ ਪ੍ਰਾਪਤ ਨਰਸਾਂ ਨੂੰ ਪਹਿਲਾਂ ਹੀ ਪਟਿਆਲਾ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਮਾਹਿਰਾਂ ਨੂੰ ਮੌਜੂਦਾ ਉਦਯੋਗਿਕ ਇਕਾਈਆਂ ਵਿਚ ਬੰਦ ਪਏ ਆਕਸੀਜਨ ਪਲਾਂਟਾਂ ਦਾ ਦੌਰਾ ਕਰਨ ਲਈ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਉਨ੍ਹਾਂ ਦੀ ਬਹਾਲੀ ਲਈ ਹਰ ਜ਼ਰੂਰੀ ਸਹਾਇਤੀ ਪ੍ਰਦਾਨ ਕੀਤੀ ਜਾ ਸਕੇ।
ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਸਮੇਤ ਹੋਰ ਰਾਜਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਭਾਵੇਂ ਉਨ੍ਹਾਂ ਦੇ ਸਰੋਤਾਂ ‘ਤੇ ਕਾਫ਼ੀ ਦਬਾਅ ਹੈ, ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਨੂੰ ਹਰ ਸੰਭਵ ਸਹਾਇਤਾ ਦੇਣਗੇ। ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਇਕੱਲੇ ਲੁਧਿਆਣਾ ਵਿੱਚ ਅੱਜ 1300 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਰੋਜ਼ਾਨਾ 300 ਟਨ ਦੀ ਮੰਗ ਦੇ ਮੁਕਾਬਲੇ ਕੇਂਦਰ ਤੋਂ ਆਕਸੀਜਨ ਦੀ ਵੰਡ ਇਸ ਸਮੇਂ ਸਿਰਫ 105 ਟਨ ਹੈ। 105 ਟਨ ਵਿਚੋਂ ਸੂਬੇ ਨੂੰ ਸਿਰਫ 85 ਟਨ ਹੀ ਪ੍ਰਾਪਤ ਹੋ ਰਹੀ ਹੈ ਕਿਉਂਕਿ ਬਾਕੀ ਪੀ.ਜੀ.ਆਈ. ਚੰਡੀਗੜ੍ਹ ਨੂੰ ਭੇਜੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਬਾਅਦ ਵਿਚ ਅੰਦਰੂਨੀ ਸਮੀਖਿਆ ਬੈਠਕ ਵਿਚ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਆਕਸੀਜਨ ਦੇ ਖ਼ਤਮ ਹੋ ਰਹੇ ਸਟਾਕਾਂ ਦੀ ਪੂਰਤੀ ਲਈ ਇਸ ਦੇ ਬਚਾਅ ਵਾਸਤੇ ਹਰ ਯਤਨ ਕਰ ਰਹੀ ਹੈ। ਮੀਟਿੰਗ ਵਿੱਚ ਉਦਯੋਗ ਵਿਭਾਗ ਦੇ ਸਕੱਤਰ ਆਲੋਕ ਸ਼ੇਖਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੇ ਪੱਖ ਤੋਂ ਜਲੰਧਰ ਅਤੇ ਅੰਮ੍ਰਿਤਸਰ ਸੰਕਟ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜਿਸ ਨੂੰ ਸੂਬੇ ਨੇ ਕਿਸੇ ਨਾ ਕਿਸੇ ਤਰ੍ਹਾਂ ਵਧੀਆ ਪ੍ਰਬੰਧਨ ਨਾਲ ਸੰਭਾਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਲੌਕਡਾਊਨ ਲਗਾਉਣ ਬਾਰੇ ਕੋਈ ਵਿਚਾਰ ਨਹੀਂ ਹੈ ਜਿਸ ਨਾਲ ਹਿਜਰਤ ਅਤੇ ਆਰਥਿਕ ਪ੍ਰੇਸ਼ਾਨੀ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿ ਵਿਗੜ ਰਹੇ ਹਾਲਾਤਾਂ ਨਾਲ ਨਜਿੱਠਣ ਲਈ ਹੋਰ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਪੰਜਾਬ ਵਿੱਚ 7000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਗੁਆਂਢੀ ਸੂਬਿਆਂ ਵਿੱਚ ਵੱਧ ਰਹੇ ਮਾਮਲਿਆਂ ਦਰਮਿਆਨ ਖਾਸ ਕਰਕੇ ਦੱਖਣੀ ਪੰਜਾਬ ਵਿੱਚ ਹਾਲਾਤ ਵਿਗੜਨ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਵੈਕਸੀਨ ਦੀ ਸਪਲਾਈ ਲਈ ਕੇਂਦਰ ਨਾਲ ਰਾਬਤਾ ਰੱਖਣ ਦੀ ਹਦਾਇਤ ਕੀਤੀ ਕਿਉਂਕਿ ਰਾਜ ਵਿੱਚ ਇਸ ਵੇਲੇ ਸਟਾਕ ਵਿੱਚ ਸਿਰਫ1.76 ਲੱਖ ਕੋਵੀਸ਼ੀਲਡ ਅਤੇ 22000 ਕੋਵੈਕਸੀਨ ਦੀਆਂ ਖੁਰਾਕਾਂ ਹਨ।
ਸਿਹਤ ਤੇ ਮੈਡੀਕਲ ਵਰਕਰਾਂ ਦੀਆਂ ਕੁੱਝ ਸੰਸਥਾਵਾਂ ਵੱਲੋਂ ਹੜਤਾਲ ‘ਤੇ ਜਾਣ ਦੀ ਧਮਕੀਆਂ ਦੀਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਧਮਕੀਆਂ ਦਾ ਨਤੀਜਾ ਨੌਕਰੀਆਂ ਤੋਂ ਬਰਖਾਸਤਗੀ ਹੋਵੇਗਾ ਕਿਉਂਕਿ ”ਜੰਗ ਵਰਗੀ ਸਥਿਤੀ ਵਿੱਚ ਅਜਿਹੀਆਂ ਬੇਹੂਦਗੀਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।”
ਸਿਹਤ ਸਕੱਤਰ ਹੁਸਨ ਲਾਲ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ 2 ਤੇ ਲੈਵਲ 3 ਨੂੰ ਮਜ਼ਬੂਤ ਕਰਨ ਲਈ 2000 ਬੈਡ ਹੋਰ ਸ਼ਾਮਲ ਕੀਤੇ ਜਾਣਗੇ ਜਦੋਂ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ (ਜਲਾਲਾਬਾਦ) ਵਿਖੇ 900 ਬੈਡ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਪੀ.ਆਈ.ਐਮ.ਐਸ., ਗਿਆਨ ਸਾਗਰ, ਆਦੇਸ਼, ਡੀ.ਐਮ.ਸੀ. ਤੇ ਸੀ.ਐਮ.ਸੀ. ਵਿਖੇ 542 ਬੈਡ ਸ਼ਾਮਲ ਕੀਤੇ ਜਾਣਗੇ। ਜ਼ਿਲਾ ਹਸਪਤਾਲਾਂ ਨੂੰ 300 ਹੋਰ ਲੈਵਲ 2 ਦੇ ਬੈਡ ਮਿਲਣਗੇ ਜਦੋਂ ਕਿ ਬਠਿੰਡਾ ਰਿਫਾਇਨਰੀ ਨੇੜੇ ਆਰਜ਼ੀ ਹਸਪਤਾਲ ਵਿਖੇ 250 ਬੈਡ ਸਥਾਪਤ ਕੀਤੇ ਜਾਣਗੇ।

NO COMMENTS