ਚੰਡੀਗੜ੍ਹ, 20 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ ):
ਸੂਬੇ ਵਿੱਚ ਹੜ੍ਹਾਂ ਦੀ ਲਪੇਟ ਵਿੱਚ ਆਏ ਲੋਕਾਂ ਪ੍ਰਤੀ ਪੂਰਨ ਸੁਹਿਰਦਤਾ ਤੇ ਇੱਕਜੁੱਟਤਾ ਦਰਸਾਉਂਦਿਆਂ ਖ਼ੁਰਾਕ, ਸਿਵਲ ਸਪਲਾਈ, ਖ਼ਪਤਕਾਰ ਮਾਮਲੇ, ਜੰਗਲਾਤ ਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਆਪਣੀ ਇੱਕ ਮਹੀਨੇ ਦੀ ਤਨਖ਼ਾਹ (ਕੁੱਲ 1,10,000 ਰੁਪਏ) ਹੜ੍ਹ ਪੀੜ੍ਹਤਾਂ ਨੂੰ ਦਾਨ ਵਜੋਂ ਦਿੱਤੀ ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈੱਕ ਸੌਂਪਦਿਆਂ ਅੱਜ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਯੋਗ ਤੇ ਦੂਰਅੰਦੇਸ਼ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਅਤੇ ਜ਼ਿੰਮੇਵਾਰ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ’ਚ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ, ਲੋਕਾਂ ਨੂੰ ਲੋੜੀਂਦੀ ਸਹਾਇਤਾ ਜਿਵੇਂ ਫੂਡ ਪੈਕਟ, ਦਵਾਈਆਂ, ਪੀਣ ਵਾਲਾ ਪਾਣੀ, ਤਰਪਾਲਾਂ ਅਤੇ ਹੋਰ ਲੋੜੀਂਦੀਆਂ ਵਸਤਾਂ ਸਰਗਰਮੀ ਨਾਲ ਉਪਲਬਧ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਦੀਆਂ ਦਿੱਕਤਾਂ ਤੋਂ ਭਲੀਭਾਂਤ ਜਾਣੂੰ ਹਨ ਅਤੇ ਜਨ-ਜੀਵਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।