ਚੰਡੀਗੜ੍ਹ/ਫਿਰੋਜ਼ਪੁਰ, 6 ਅਗਸਤ:(ਸਾਰਾ ਯਹਾਂ/ਹਿਤੇਸ਼ ਸ਼ਰਮਾ)
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਕਰਦਿਆਂ ਪੰਜਾਬ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ 77.8 ਕਿੱਲੋ ਹੈਰੋਇਨ(41.8 ਕਿਲੋ + 36 ਕਿਲੋ) ਅਤੇ ਤਿੰਨ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਰੈਕੇਟਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਇਹ ਦੋਵੇਂ ਖੁਫੀਆ ਕਾਰਵਾਈਆਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਅੰਜਾਮ ਦਿੱਤੀਆਂ ਗਈਆਂ।
ਪਹਿਲੀ ਕਾਰਵਾਈ ਬਾਬਤ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਬਾਰੇ ਮਿਲੀ ਸੂਹ ਦੇ ਆਧਾਰ ’ਤੇ ਏ.ਆਈ.ਜੀ. ਐਸ.ਐਸ.ਓ.ਸੀ. ਫਿਰੋਜ਼ਪੁਰ ਲਖਬੀਰ ਸਿੰਘ ਦੀ ਅਗਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਪੁਲਿਸ ਟੀਮਾਂ ਨੇ ਨਾਕਾਬੰਦੀ ਕੀਤੀ ਅਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਉਹ ਦੋਵੇਂ ਖੇਪ ਪ੍ਰਾਪਤ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੱਗਾ ਗਿੱਲ ਉਰਫ਼ ਗਗਨ ਉਰਫ਼ ਕਾਲੀ ਵਾਸੀ ਪਿੰਡ ਬਾਰੇ ਕੇ, ਫ਼ਿਰੋਜ਼ਪੁਰ ਅਤੇ ਵੀਰ ਸਿੰਘ ਉਰਫ਼ ਵੀਰੂ ਵਾਸੀ ਮੁਹਾਰ ਸੋਨਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ 41.8 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲਾਂ– ਦੋ ਪਿਸਤੌਲ 9 ਐਮ.ਐਮ. ਸਮੇਤ ਚਾਰ ਮੈਗਜ਼ੀਨ ਅਤੇ 100 ਕਾਰਤੂਸ ਅਤੇ .30 ਬੋਰ ਦਾ 1 ਜ਼ਿਗਾਨਾ ਸਮੇਤ ਦੋ ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 (ਸੀ) ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ’ਤੇ ਆਧਾਰਿਤ ਇੱਕ ਹੋਰ ਕਾਰਵਾਈ ਦੌਰਾਨ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਪੁਲਿਸ ਟੀਮਾਂ ਨੇ ਜਸਭਿੰਦਰ ਸਿੰਘ ਉਰਫ਼ ਭਿੰਦਾ ਅਤੇ ਜਗਦੀਪ ਸਿੰਘ ਉਰਫ਼ ਭੁੱਚਰ, ਦੋਵੇਂ ਵਾਸੀ ਪਿੰਡ ਦੀਪ ਸਿੰਘ ਵਾਲਾ, ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 36 ਕਿੱਲੋ ਹੈਰੋਇਨ ਬਰਾਮਦ ਕੀਤੀ। ਇਹ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਉਕਤ ਵਿਅਕਤੀ ਖੇਪ ਬਰਾਮਦ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ। ਇਸ ਸਬੰਧੀ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ) ਅਤੇ 29 ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ, “ਇਹ ਮਾਡਿਊਲ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ।
ਸਪੈਸ਼ਲ ਡੀਜੀਪੀ (ਅੰਦਰੂਨੀ ਸੁਰੱਖਿਆ) ਆਰ.ਐਨ. ਢੋਕੇ ਨੇ ਦੱਸਿਆ ਕਿ ਪੁਲਿਸ ਟੀਮਾਂ ਇਸ ਖੇਪ ਨੂੰ ਭੇਜਣ ਵਾਲੇ ਪਾਕਿਸਤਾਨ ਅਧਾਰਤ ਤਸਕਰਾਂ ਸਮਤੇ ਤਸਕਰੀ ’ਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦਾ ਖੁਰਾ ਖੋਜਣ ਲਈ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।