*ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਗੈਂਗਸਟਰਾਂ ‘ਤੇ ਨਕੇਲ ਕਸਣ ਲਈ ਵਚਨਬੱਧ*

0
34

 ਚੰਡੀਗੜ੍ਹ, 14 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) :ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਗੈਂਗਸਟਰ-ਅੱਤਵਾਦੀ ਗਠਜੋੜ ‘ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਵੱਲੋਂ ਅੱਜ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਉਕਤ ਗੈਂਗਸਟਰ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਇੱਕੋ ਸਮੇਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਵੱਖ-ਵੱਖ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸ਼ੱਕੀ ਟਿਕਾਣਿਆਂ ‘ਤੇ ਕੀਤੀ ਗਈ ਇਹ ਚੌਥੀ ਛਾਪੇਮਾਰੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਅਰਸ਼ ਡੱਲਾ, ਲਖਬੀਰ ਲੰਡਾ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ 409 ਟੀਮਾਂ, ਜਿਸ ਵਿੱਚ ਸੂਬੇ ਭਰ ਦੇ 2863 ਪੁਲਿਸ ਮੁਲਾਜ਼ਮ ਸ਼ਾਮਲ ਸਨ, ਵੱਲੋਂ ਚਲਾਈ ਇੱਕ ਰੋਜ਼ਾ ਮੁਹਿੰਮ ਦੌਰਾਨ ਜੱਗੂ ਭਗਵਾਨਪੁਰੀਆ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਦੇ 2371 ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਗਵਾਨਪੁਰੀਆ ਦੇ ਸਮਰਥਨ ਵਾਲੇ ਫੜੇ ਗਏ ਮੋਡਿਊਲਾਂ ਵਿੱਚ ਕਈ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਉਪਰੰਤ ਇਸ ਛਾਪੇਮਾਰੀ ਦੀ ਯੋਜਨਾ ਬਣਾਈ ਗਈ ਸੀ।
ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਭਗਵਾਨਪੁਰੀਆ ਨਾਲ ਸਬੰਧਿਤਾਂ ਰਿਹਾਇਸ਼ਾਂ ਅਤੇ ਹੋਰ ਥਾਵਾਂ ‘ਤੇ ਬਾਰੀਕੀ ਨਾਲ ਤਲਾਸ਼ੀ ਕੀਤੀ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਡਾਟਾ ਵੀ ਇਕੱਠਾ ਕੀਤਾ ਹੈ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਰੇਲੀ ਪੜਤਾਲ ਲਈ ਕਈ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹਨਾਂ ਵਿਅਕਤੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਅਸਲਾ ਲਾਇਸੈਂਸਾਂ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਇਹਨਾਂ ਵਿਅਕਤੀਆਂ ਤੋਂ ਅਸਲੇ ਦੀ ਸੋਰਸਿੰਗ, ਵਿਦੇਸ਼ ਆਧਾਰਿਤ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਵੈਸਟਰਨ ਯੂਨੀਅਨ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਭਾਰਤ ਅਤੇ ਵਿਦੇਸ਼ ਅਧਾਰਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਗਠਜੋੜ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਛਾਪੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨ ਵਿੱਚ ਵੀ ਮਦਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮਾਰਚ 2022 ਤੋਂ ਹੁਣ ਤੱਕ 30 ਅਤਿ ਆਧੁਨਿਕ ਰਾਈਫਲਾਂ, 201 ਰਿਵਾਲਵਰ/ਪਿਸਟਲ ਅਤੇ 25 ਡਰੋਨ ਬਰਾਮਦ ਕਰਕੇ 163 ਅੱਤਵਾਦੀਆਂ/ਰੈਡੀਕਲਸ ਨੂੰ ਗ੍ਰਿਫਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ 555 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਅਤੇ 2 ਨੂੰ ਮਾਰ-ਮੁਕਾ ਕੇ 140 ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 510 ਹਥਿਆਰ ਅਤੇ 129 ਵਾਹਨਾਂ ਨੂੰ ਬਰਾਮਦ ਕੀਤਾ ਹੈ।

———

LEAVE A REPLY

Please enter your comment!
Please enter your name here