
ਚੰਡੀਗੜ੍ਹ, 24 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ):
ਵਿਸ਼ਵ ਜਨਸੰਖਿਆ ਦਿਵਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਔਰਤਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਆਬਾਦੀ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ, “ਜਦੋਂ ਹਰ ਔਰਤ ਪੜ੍ਹੀ-ਲਿਖੀ, ਜ਼ਿੰਮੇਵਾਰੀਆਂ ਤੋਂ ਸੁਚੇਤ ਅਤੇ ਆਪਣੇ ਫਰਜ਼ਾਂ ਤੇ ਅਧਿਕਾਰਾਂ ਤੋਂ ਜਾਣੂ ਹੋਵੇਗੀ ਤਾਂ ਕੁਦਰਤੀ ਤੌਰ ’ਤੇ ਉਹ ਆਬਾਦੀ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।ਸਿਹਤ ਮੰਤਰੀ 11 ਜੁਲਾਈ ਨੂੰ ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ’ਤੇ 27 ਜੂਨ ਤੋਂ ਸ਼ੁਰੂ ਹੋਈਆਂ ਮਹੀਨਾ ਭਰ ਚੱਲਣ ਵਾਲੀਆਂ ਜਾਗਰੂਕਤਾ ਗਤੀਵਿਧੀਆਂ ਦੀ ਸਮਾਪਤੀ ਮੌਕੇ ਸਿਹਤ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਸਮਾਗਮ ਮੋਹਾਲੀ ਵਿਖੇ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਕਰਵਾਇਆ ਗਿਆ।

ਡਾ: ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਆਬਾਦੀ ਕੰਟਰੋਲ ਦੇ ਮਾਮਲੇ ਵਿਚ ਸਥਿਤੀ ਕਾਫੀ ਵਧੀਆ ਹੈ, ਪਰ ਇਸ ਦਿਸ਼ਾ ਵਿਚ ਅਜੇ ਹੋਰ ਯਤਨਾਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ (ਜਣੇਪੇ ਦੌਰਾਨ ਜੱਚਾ ਮੌਤਾਂ) ਅਤੇ ਕੰਨਿਆ ਭਰੂਣ ਹੱਤਿਆ ਮੁੱਖ ਚਿੰਤਾਵਾਂ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਚੋਂ ਭਰੂਣ ਹੱਤਿਆ ਨੂੰ ਮੁਕੰਮਲ ਰੂਪ ’ਚ ਠੱਲ੍ਹ ਪਾਉਣ ਲਈ ਠੋਸ ਉਪਰਾਲੇ ਕੀਤੇ ਜਾਣ। ਉਨ੍ਹਾਂ ਕੰਨਿਆ ਭਰੂਣ ਹੱਤਿਆ ਦੇ ਖਾਤਮੇ ਲਈ ਸੁਹਿਰਦਤਾ ਤੇ ਪੂਰੀ ਲਗਨ ਨਾਲ ਕੰਮ ਕਰਨ ਵਾਲੇ ਜ਼ਿਲਿ੍ਹਆਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ।ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਨ੍ਹਾਂ ਸਾਰੇ ਮਸਲਿਆਂ ’ਤੇ ਸ਼ਿੱਦਤ ਨਾਲ ਕੰਮ ਕਰ ਰਹੀ ਹੈ, ਪਰ ਲੋਕਾਂ ਦੀ ਮਾਨਸਿਕਤਾ ਵਿੱਚ ਤਬਦੀਲੀ ਹੀ ਅਜਿਹੀਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।

ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ ਡਾ: ਆਰਤੀ ਨੇ ਆਬਾਦੀ ਕੰਟਰੋਲ ਲਈ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ । ਉਨ੍ਹਾਂ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਦੋ ਪੰਦਰਵਾੜਿਆਂ ਵਿੱਚ ਮਨਾਇਆ ਜਾਂਦਾ ਹੈ। ਇਨ੍ਹਾਂ ਪੰਦਰਵਾੜਿਆਂ ਦੌਰਾਨ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਦੇਰ ਨਾਲ ਵਿਆਹ ਕਰਨ ਦੇ ਨੁਕਸਾਨ, ਦੋ ਬੱਚਿਆਂ ਦੇ ਜਨਮ ਦਰਮਿਆਨ ਵਾਜਬ ਵਕਫ਼ੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਸਮਾਗਮ ਦੌਰਾਨ ਬਰਨਾਲਾ ਅਤੇ ਅੰਮ੍ਰਿਤਸਰ ਜ਼ਿਲਿ੍ਹਆਂ ਨੂੰ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਦਕਿ ਸੂਬੇ ਭਰ ਦੇ ਡਾਕਟਰਾਂ, ਸਟਾਫ ਨਰਸਾਂ, ਏਐਨਐਮਜ਼, ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਵੀ ਮਿਸਾਲੀ ਕੰਮ ਕਰਨ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਸਿਹਤ ਵਿਭਾਗ ਦੇ ਸਕੱਤਰ- ਕਮ- ਐਮ.ਡੀ. ਐਨ.ਐਚ.ਐਮ., ਡਾ: ਅਭਿਨਵ ਤ੍ਰਿਖਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ: ਆਦਰਸ਼ਪਾਲ ਕੌਰ, ਪਰਿਵਾਰ ਭਲਾਈ ਦੇ ਡਾਇਰੈਕਟਰ ਡਾ: ਰਵਿੰਦਰਪਾਲ ਕੌਰ, ਈ.ਐੱਸ.ਆਈ. ਦੇ ਡਾਇਰੈਕਟਰ ਡਾ: ਸੀਮਾ, ਏਮਜ਼ ਮੁਹਾਲੀ ਦੇ ਪ੍ਰਿੰਸੀਪਲ ਡਾ: ਭਵਨੀਤ ਭਾਰਤੀ, ਸਹਾਇਕ ਡਾਇਰੈਕਟਰ ਡਾ: ਵਿਨੀਤ ਨਾਗਪਾਲ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ: ਆਰਤੀ ਵੀ ਹਾਜ਼ਰ ਸਨ
