ਚੰਡੀਗੜ੍ਹ 05,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਗੈਂਗਸਟਰਾਂ ਖਿਲਾਫ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰ ਖਿਲਾਫ ਸਖ਼ਤੀ ਦੇ ਹੁਕਮ ਦਿੰਦਿਆਂ ਪੰਜਾਬ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਏਡੀਜੀਪੀ ਰੈਂਕ ਦਾ ਅਧਿਕਾਰੀ ਟਾਸਕ ਫੋਰਸ ਦੀ ਅਗਵਾਈ ਕਰੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਪਰਾਧੀਆਂ ਨੂੰ ਸਹਾਰਾ ਦਿੰਦੀਆਂ ਰਹੀਆਂ। ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਲਈ ਕਈ ਅਹਿਮ ਫੈਸਲੇ ਲਏ ਹਨ। ਪੰਜਾਬ ਸਰਕਾਰ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਏਗੀ
ਇਹ ਟਾਸਕ ਫੋਰਸ ਕੇਂਦਰ ਸਰਕਾਰ ਦੀਆਂ ਫੋਰਸਾਂ ਦੇ ਬਰਾਬਰ ਹੋਵੇਗੀ। ਅਧਿਕਾਰ ਖੇਤਰ ਰਾਜ ਪੱਧਰ ‘ਤੇ ਹੋਵੇਗਾ। ਇਸ ਦੀ ਅਗਵਾਈ ਏਡੀਜੀਪੀ ਰੈਂਕ ਦਾ ਅਧਿਕਾਰੀ ਕਰੇਗਾ। ਹਰ ਜ਼ਿਲ੍ਹੇ ਦੇ ਐਸਐਸਪੀ ਤੇ ਕਮਿਸ਼ਨਰ ਪੁਲਿਸ ਇਸ ਫੋਰਸ ਨਾਲ ਤਾਲਮੇਲ ਕਰਕੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਸ ਲਈ ਬਜਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸਾਧਨਾਂ ਦੀ ਕੋਈ ਕਮੀ ਨਹੀਂ ਰਹੇਗੀ। ਪੰਜਾਬ ਵਿੱਚ ਗੈਂਗਸਟਰ ਕਲਚਰ ਖਤਮ ਹੋਵੇਗਾ।
ਦੱਸ ਦਈਏ ਕਿ ਅੱਜ ਸੀਐਮ ਭਗਵੰਤ ਮਾਨ ਨੇ ਸੂਬੇ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ‘ਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਮੀਟਿੰਗ ਵਿੱਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਨੂੰ ਬੁਲਾਇਆ ਗਿਆ ਸੀ। ਮੀਟਿੰਗ ਵਿੱਚ ਡੀਜੀਪੀ ਵੀਕੇ ਭਾਵਰਾ ਸਮੇਤ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਸੀਐਮ ਮਾਨ ਦੀ ਪੁਲਿਸ ਅਧਿਕਾਰੀਆਂ ਨਾਲ ਇਹ ਪਹਿਲੀ ਮੀਟਿੰਗ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਦਿੱਤੇ ਸਨ।
ਕਾਂਗਰਸ ਨੇ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਦਾ ਬਣਾ ਰੱਖਿਆ ਹੈ। ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਇਹ ਵੀ ਮੁੱਦਾ ਉਠਾਇਆ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ 5 ਕਾਂਗਰਸੀਆਂ ਦਾ ਕਤਲ ਹੋ ਚੁੱਕਾ ਹੈ। ਕੱਲ੍ਹ ਲੁਧਿਆਣਾ ਵਿੱਚ ਕਾਂਗਰਸ ਦੇ ਵਾਰਡ ਪ੍ਰਧਾਨ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਨੇ ਇਸ ਨੂੰ ਜੰਗਲ ਰਾਜ ਕਰਾਰ ਦਿੱਤਾ। ਸਿੱਧੂ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਕਾਤਲਾਂ ਨੂੰ ਨਾ ਫੜਿਆ ਗਿਆ ਤਾਂ ਕਾਂਗਰਸ ਲੀਡਰਸ਼ਿਪ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਵੇਗੀ।
ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਇਸ ਤੋਂ ਬਾਅਦ ਟਰੱਕ ਯੂਨੀਅਨ ਨੂੰ ਲੈ ਕੇ ਸੂਬੇ ‘ਚ ਕਈ ਥਾਵਾਂ ‘ਤੇ ਝਗੜੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਪਿਛਲੀਆਂ ਸਰਕਾਰਾਂ ਵਿੱਚ ਹਾਕਮ ਧਿਰ ਦੇ ਆਗੂਆਂ ਵੱਲੋਂ ਪੁਲਿਸ ’ਤੇ ਪੂਰਾ ਦਬਾਅ ਪਾਇਆ ਗਿਆ।