
ਮਾਨਸਾ 10 ਜੂਨ(ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਨਸਾ ਵਿਖੇ ਸੱਦੀ ਕੈਬਨਿਟ ਮੀਟਿੰਗ ਸਮੇਂ
ਜਦੋਂ ਮੁੱਖ ਮੰਤਰੀ ਪੰਜਾਬ ਦਾ ਕਾਫਲਾ ਜਿਲ੍ਹਾ ਮਾਨਸਾ ਦੀਆਂ ਕਚਿਹਰੀਆਂ ਵਿੱਚ ਦਾਖਲ ਹੋਣ ਲੱਗਿਆ ਤਾਂ ਮਿਸ਼ਨ
ਅੰਬੇਦਕਰ ਦੇ ਕਾਰਕੁੰਨਾਂ ਨੇ ਮਿਸ਼ਨ ਦੇ ਕਨਵੀਨਰ ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਦੀ ਅਗਵਾਈ ਹੇਠ ਪੰਜਾਬ
ਸਰਕਾਰ ਮੁਰਦਾਬਾਦ ਅਤੇ ਭਗਵੰਤ ਮਾਨ ਵਿਰੁਧ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਕਾਲੀਆਂ ਝੰਡੀਆਂ ਵੀ
ਦਿਖਾਈਆਂ ਉਪਰੰਤ ਸਿਵਲ ਵਰਦੀ ਵਿੱਚ ਖੂਫੀਆ ਏਜੰਸੀ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ
ਕਰਨ ਤੋਂ ਰੋਕਿਆ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਦੀ ਖਿੱਚ ਧੂਹ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਦੇ ਮੂੰਹ ਤੇ ਹੱਥ ਰੱਖ ਕੇ
ਨਾਅਰੇ ਲਗਾਉਣ ਤੋਂ ਰੋਕਿਆ। ਪ੍ਰਦਰਸ਼ਨਕਾਰੀਆਂ ਨੂੰ ਇਤਹਾਦੀ ਤੌਰ ਤੇ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ
ਵਿੱਚ ਛੱਡ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਨ ਅੰਬੇਦਕਰ ਦੇ ਕਨਵੀਨਰ ਐਡਵੋਕੇਟ
ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਭਗਵੰਤ ਮਾਨ ਇੱਕ ਦਲਿਤ ਵਿਰੋਧੀ ਮੁੱਖ ਮੰਤਰੀ ਹੈ ਜਿਸ ਦਾ ਚਿਹਰਾ ਉਸ
ਵੇਲੇ ਨੰਗਾ ਹੋਇਆ ਜਦੋਂ ਰਾਜ ਸਭਾ ਦੇ ਮੈਂਬਰਾਂ ਦੀ ਨਾਮਜਦਗੀ ਵੇਲੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦਾ
ਬਣਦਾ ਹਿੱਸਾ ਧਨਾਡਾਂ ਨੂੰ ਵੇਚ ਗਿਆ। ਹਾਈਕੋਰਟ ਵਿੱਚ ਲਾਅ ਅਫਸਰਾਂ ਦੀ ਨਿਯੁਕਤੀ ਵੇਲੇ ਵੀ ਮੁੱਖ ਮੰਤਰੀ ਭਗਵੰਤ
ਮਾਨ ਦਾ ਚਿਹਰਾ ਦਲਿਤ ਵਿਰੋਧੀ ਹੀ ਰਿਹਾ ਅਤੇ ਹੁਣ ਜਾਅਲੀ ਐਸ.ਸੀ. ਸਰਟੀਫਿਕੇਟ ਬਣਾ ਕੇ ਰਿਜਰਵੇਸ਼ਨ ਦਾ
ਫਾਇਦਾ ਉਠਾਉਂਦਿਆਂ ਨੌਕਰੀ ਕਰ ਚੁੱਕੇ ਅਤੇ ਕਰ ਰਹੇ ਜਾਅਲਸਾਜਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ।

ਉਹਨਾਂ ਕਿਹਾ ਕਿ ਭਗਵੰਤ ਮਾਨ ਦਾ ਵਿਰੋਧ ਹਰ ਪੱਧਰ ਤੇ ਜਾਰੀ ਰੱਖਿਆ ਜਾਵੇਗਾ ਅਤੇ ਰੋਸ ਵਜੋਂ ਬੈਨਰਾਂ ਉੱਪਰ
ਲੱਗੀਂਆਂ ਭਗਵੰਤ ਮਾਨ ਦੀਆਂ ਤਸਵੀਰਾਂ ਉੱਪਰ ਕਾਲਖ ਮਲੀ ਜਾਵੇਗੀ। ਇਸੇ ਦੌਰਾਨ ਐਡਵੋਕੇਟ ਬਲਵੰਤ ਭਾਟੀਆ
ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਮਿਸ਼ਨ ਅੰਬੇਦਕਰ ਦੇ ਕਾਰਕੁੰਨਾਂ ਉੱਪਰ ਜੋ ਨਿੰਦਣਯੋਗ ਕਾਰਵਾਈ ਕੀਤੀ
ਗਈ ਹੈ ਉਹ ਗੈਰ ਸੰਵਿਧਾਨਿਕ ਹੈ ਅਤੇ ਨਾਗਰਿਕਾਂ ਦੀ ਵਿਰੋਧ ਪ੍ਰਗਟ ਕਰਨ ਦੀ ਆਜਾਦੀ ਉੱਪਰ ਸਿੱਧਾ ਹਮਲਾ ਹੈ।
ਇਸ ਉੱਪਰ ਉਹ ਛੇਤੀ ਹੀ ਕਾਨੂੰਨੀ ਰੁੱਖ ਅਖਤਿਆਰ ਕਰਨਗੇ। ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਿਲ ਹੋਣ ਵਾਲਿਆਂ
ਵਿੱਚ ਗੁਰਮੇਲ ਸਿੰਘ ਬਿੱਲੂ, ਲੱਖਾ ਸਿੰਘ, ਗੁਰਜੀਤ ਸਿੰਘ, ਸੇਵਕ ਸਿੰਘ, ਰਾਜੇਸ ਭੂਕਲ, ਗੁਰਦੀਪ ਸਿੰਘ, ਤਰਸੇਮ
ਸਿੰਘ, ਵਿਸ਼ਾਲ ਆਦਿ ਹਾਜਰ ਸਨ।

