
ਮਿਊਨਿਖ (ਜਰਮਨੀ), 14 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਗਰੀ-ਫੂਡ ਪ੍ਰਾਸੈਸਿੰਗ, ਟੈਕਸਟਾਈਲਜ਼, ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ ਤੇ ਕੈਮੀਕਲ ਖੇਤਰ ਵਿੱਚ ਸਹਿਯੋਗ ਲਈ ਇਨਵੈਸਟ ਇਨ ਬਾਵਰੀਆ ਨਾਲ ਸਹਿਯੋਗ ਦੀ ਵਕਾਲਤ ਕੀਤੀ।
ਮੁੱਖ ਮੰਤਰੀ ਨੇ ਮਿਊਨਿਖ ਵਿੱਚ ਆਪਣੇ ਦਫ਼ਤਰ ਵਿਖੇ ਇਨਵੈਸਟ ਇਨ ਬਾਵਰੀਆ ਦੀ ਟੀਮ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਰਮਨੀ ਦੇ ਬਾਵਰੀਆ ਰਾਜ ਨੂੰ ਆਪਣੀ ਆਟੋਮੋਟਿਵ ਇੰਡਸਟਰੀ, ਬਾਇਓ ਟੈਕਨਾਲੋਜੀ, ਕੈਮੀਕਲਜ਼, ਇਲੈਕਟ੍ਰਾਨਿਕਸ ਤੇ ਇਲੈਕਟ੍ਰੀਕਲ ਇੰਜਨੀਅਰਿੰਗ, ਊਰਜਾ ਤਕਨਾਲੋਜੀ, ਵਿੱਤੀ ਸੇਵਾਵਾਂ ਤੇ ਸੂਚਨਾ ਤਕਨਾਲੋਜੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਖਿੱਤੇ ਦੀਆਂ 350 ਕੰਪਨੀਆਂ, ਜਿਨ੍ਹਾਂ ਵਿੱਚ ਸੀਮਨਜ਼, ਬੀ.ਐਮ.ਡਬਲਯੂ., ਔਡੀ, ਮੈਨ, ਐਡੀਡਸ, ਏਲੀਅਨਜ਼ ਏ.ਜੀ., ਮਿਊਨਿਖ ਰੇ, ਏਅਰਬੱਸ, ਇਨਫੀਨੀਅਨ, ਵੈਕਰ ਕੈਮੀ, ਓਸਰਾਮ ਲਿੰਡੇ ਤੇ ਹੋਰ ਸ਼ਾਮਲ ਹਨ, ਭਾਰਤ ਵਿੱਚ ਆਪਣਾ ਕਾਰੋਬਾਰ ਕਰ ਰਹੀਆਂ ਹਨ। ਭਗਵੰਤ ਮਾਨ ਨੂੰ ਦੱਸਿਆ ਗਿਆ ਕਿ ਇਨਵੈਸਟ ਇਨ ਬਾਵਰੀਆ ਇਸ ਸਮੇਂ ਬਾਵਰੀਆ ਰਾਜ ਦੀ ਕਾਰੋਬਾਰ ਪ੍ਰੋਮੋਸ਼ਨ ਏਜੰਸੀ ਵਜੋਂ ਕੰਮ ਕਰ ਰਹੀ ਹੈ। ਇਸ ਦੇ ਨਾਲ-ਨਾਲ ਜਰਮਨੀ ਤੇ ਵਿਦੇਸ਼ੀ ਕੰਪਨੀਆਂ ਨੂੰ ਬਾਵਰੀਆ ਵਿੱਚ ਕਾਰੋਬਾਰ ਲਈ ਸਹਿਯੋਗੀ ਸੇਵਾਵਾਂ ਦੇਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ।

ਇਸ ਦੌਰਾਨ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਨੇ ਐਗਰੀ-ਫੂਡ ਪ੍ਰਾਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ ਤੇ ਕੈਮੀਕਲਜ਼ ਵਰਗੇ ਖੇਤਰਾਂ ਵਿੱਚ ਪੰਜਾਬ ਦੀਆਂ ਸਮਰੱਥਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਤੇ ਹੋਰ ਖੇਤਰਾਂ ਵਿੱਚ ਇਨਵੈਸਟ ਪੰਜਾਬ ਤੇ ਇਨਵੈਸਟ ਇਨ ਬਾਵਰੀਆ ਵਿਚਾਲੇ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਦੱਸਿਆ। ਭਗਵੰਤ ਮਾਨ ਨੇ ਇਨਵੈਸਟ ਪੰਜਾਬ ਦੇ ਰਾਜ ਵਿੱਚ ਨਿਵੇਸ਼ਕਾਂ ਦੀ ਸਹੂਲਤ ਲਈ ਆਦਰਸ਼ ਵਨ ਸਟਾਪ ਦਫ਼ਤਰ ਵਜੋਂ ਕੰਮ ਕਰਦਿਆਂ ਕਿਸੇ ਪ੍ਰਾਜੈਕਟ ਦੀ ਯੋਜਨਾ ਤੋਂ ਤਾਮੀਰ ਤੱਕ ਸਹਿਯੋਗ ਕਰਨ ਬਾਰੇ ਦੱਸਿਆ।
ਸੂਬਾ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਨੀਤੀਆਂ ਸੂਬੇ ਨੂੰ ਸਨਅਤੀ ਤਰੱਕੀ ਦਾ ਧੁਰਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਇਨਵੈਸਟ ਇਨ ਬਾਵਰੀਆ ਦੇ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਦੇ ਮੁਖੀ ਡਾ. ਮਾਰਕਸ ਵਿਟਮੈਨ ਨੂੰ 23 ਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਕਿ ਦੋਵਾਂ ਮੁਲਕਾਂ ਵਿੱਚ ਸਹਿਯੋਗ ਵਧਾਉਣ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ। ਬਾਵਰੀਆ ਰਾਜ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਉਨ੍ਹਾਂ ਵਪਾਰ, ਨਿਵੇਸ਼ ਤੇ ਸਹਿਯੋਗ ਲਈ ਹਰ ਸੰਭਵ ਸਹਿਯੋਗ ਤੇ ਤਾਲਮੇਲ ਦਾ ਭਰੋਸਾ ਦਿੱਤਾ।
ਇਸ ਦੌਰਾਨ ਇਨਵੈਸਟ ਇਨ ਬਾਵਰੀਆ ਟੀਮ ਨੇ ਵਧੀਆ ਤਜਰਬਿਆਂ ਦੇ ਆਪਸੀ ਆਦਾਨ-ਪ੍ਰਦਾਨ ਦੌਰਾਨ ਰੈਗੂਲੇਟਰੀ ਅਤੇ ਵਿੱਤੀ ਸੇਵਾਵਾਂ ਅਤੇ ਕਾਰੋਬਾਰੀ ਦਰਜਾਬੰਦੀ ਵਿੱਚ ਸੌਖ ਲਈ ਪੰਜਾਬ ਦੀ ਸਿੰਗਲ-ਵਿੰਡੋ ਪ੍ਰਣਾਲੀ ਦੀ ਸ਼ਲਾਘਾ ਕੀਤੀ। ਇਨਵੈਸਟ ਪੰਜਾਬ ਐਂਡ ਇਨਵੈਸਟ ਇਨ ਬਾਵਰੀਆ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਮੌਕਿਆਂ ਦਾ ਸਹਿਯੋਗ ਅਤੇ ਅਦਾਨ-ਪ੍ਰਦਾਨ ਕਰਨ, ਸਬੰਧਤ ਖੇਤਰਾਂ ਦੀਆਂ ਕੰਪਨੀਆਂ/ਉਦਯੋਗਾਂ ਦਰਮਿਆਨ ਵਪਾਰਕ, ਉਦਯੋਗਿਕ ਅਤੇ ਤਕਨੀਕੀ ਅਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਖੋਜ, ਹੁਨਰ ਵਿੱਚ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨ ਲਈ ਵੀ ਸਹਿਮਤੀ ਪ੍ਰਗਟਾਈ।
————-
