
ਅੰਮ੍ਰਿਤਸਰ, 7 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਨੂੰ ਇਸਰੋ ਲਈ ਚਿੱਪ ਬਣਾਉਣ ਉਤੇ ਸਨਮਾਨਿਤ ਕੀਤਾ। ਇਸ ਚਿੱਪ ਨੂੰ ਇਸਰੋ ਦੇ ਉਪਗ੍ਰਹਿ ਵਿੱਚ ਲਗਾਇਆ ਗਿਆ ਹੈ।
ਮੁੱਖ ਮੰਤਰੀ ਨੇ ਇੱਥੇ ਮਾਲ ਰੋਡ ਉਤੇ ਸਥਿਤ ਇਸ ਸਕੂਲ ਦੀਆਂ ਵਿਦਿਆਰਥਣਾਂ ਨੂੰ ਇਸ ਮਾਅਰਕੇ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦਾ ਇਹ ਵਿਲੱਖਣ ਮਾਅਰਕਾ ਭਵਿੱਖ ਵਿੱਚ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਉਪਲਬਧੀਆਂ ਲਈ ਪ੍ਰੇਰਿਤ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਪੂਰੇ ਸੂਬੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਤੋਂ ਇਹ ਗੱਲ ਮੁੜ ਸਾਬਤ ਹੋਈ ਕਿ ਪੰਜਾਬ ਕੋਲ ਅਥਾਹ ਹੁਨਰ ਹੈ, ਜਿਸ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਵਿਦਿਆਰਥੀਆਂ ਵਿੱਚ ਨਵੀਨਤਾ ਤੇ ਮੁਹਾਰਤ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਵਿਦਿਆਰਥਣਾਂ ਨੂੰ ਸਹੀ ਪਲੇਟਫਾਰਮ ਮਿਲੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਸਕਦੀਆਂ ਹਨ। ਇਸੇ ਲਈ ਪੰਜਾਬ ਸਰਕਾਰ ਵਿਦਿਆਰਥਣਾਂ ਨੂੰ ਉਤਸ਼ਾਹਤ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਇਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਸੂਬੇ ਭਰ ਵਿੱਚ ‘ਸਕੂਲ ਆਫ ਐਮੀਨੈਂਸ’ ਦਾ ਨਿਰਮਾਣ ਕਰ ਰਹੀ ਹੈ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਭਵਿੱਖੀ ਮੁਕਾਬਲਿਆਂ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਪਸੰਦੀਦਾ ਖੇਤਰ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਿੱਚ ਮਦਦ ਮਿਲੇਗੀ ਅਤੇ ਉਹ ਕਾਨਵੈਂਟ ਤੋਂ ਪੜ੍ਹੇ ਆਪਣੇ ਹਾਣੀਆਂ ਦਾ ਆਲਮੀ ਪੱਧਰ ਉਤੇ ਮੁਕਾਬਲਾ ਕਰਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਸ੍ਰੀ ਹਰੀਕੋਟਾ ਜਾਣ ਦੇ ਖ਼ਰਚੇ ਲਈ ਇਨ੍ਹਾਂ ਵਿਦਿਆਰਥਣਾਂ ਨੂੰ ਤਿੰਨ ਲੱਖ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੇ ਮਹਾਨ ਕਾਰਜ ਦੀ ਸਫ਼ਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
————
