ਚੰਡੀਗੜ•, 19 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਖੇਤੀਬਾੜੀ ਵਿਭਾਗ ਨੇ ਸੂਬਾ ਸਰਕਾਰ ਦੇ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਤਹਿਤ ਸਾਲ 2020 ਵਿੱਚ ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਕਰਨ ਦੀ ਯੋਜਨਾ ਉਲੀਕੀ ਹੈ ਜਿਸ ਲਈ ਬੀ.ਟੀ. ਕਾਟਨ ਬੀਜ ਅਤੇ ਹੋਰ ਢੁਕਵੀਆਂ ਲਾਗਤਾਂ ਲਈ ਪੁਖਤਾ ਪ੍ਰਬੰਧ ਕੀਤ ਜਾ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿ•ਆਂ ਵਿੱਚ ਨਰਮਾ, ਸਾਉਣੀ ਦੀ ਦੂਜੀ ਵੱਡੀ ਰਵਾਇਤੀ ਫਸਲ ਹੈ ਅਤੇ ਸਮੇਂ-ਸਮੇਂ ‘ਤੇ ਰੁਝਾਨ ਬਦਲਣ ਕਰਕੇ ਇਹ ਬੜੀ ਨਾਜ਼ੁਕ-ਮਿਜ਼ਾਜ਼ ਨਗਦੀ ਵਾਲੀ ਫਸਲ ਹੈ। ਇਸੇ ਕਰਕੇ ਖੇਤੀਬਾੜੀ ਵਿਭਾਗ ਨੇ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਕੇ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਅਤੇ ਨਰਮੇ ਹੇਠ ਲਿਆਉਣ ਲਈ ਵਿਆਪਕ ਰਣਨੀਤੀ ਬਣਾਈ ਹੈ।
ਦੱਸਣਯੋਗ ਹੈ ਕਿ ਸਾਲ 2018 ਦੌਰਾਨ 6.62 ਲੱਖ ਏਕੜ ਰਕਬਾ ਨਰਮੇ ਦੀ ਕਾਸ਼ਤ ਹੇਠ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਸਾਲ 2019 ਵਿੱਚ ਇਸ ਰਕਬੇ ਨੂੰ ਵਧਾ ਕੇ 9.7 ਲੱਖ ਏਕੜ ਤੱਕ ਲਿਆਂਦਾ ਗਿਆ। ਇਸੇ ਤਰ•ਾਂ ਖੇਤੀਬਾੜੀ ਵਿਭਾਗ ਨੇ ਮੌਜੂਦਾ ਸਾਲ ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਦੀ ਯੋਜਨਾ ਬਣਾਈ ਹੈ।
ਨਰਮੇ ਦੀ ਬਿਜਾਈ ਦੇ ਅਗਾਮੀ ਸੀਜ਼ਨ ਲਈ ਕੀਤੀਆਂ ਤਿਆਰੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਵਿਭਾਗ ਨੇ ਮਿੱਥੇ ਹੋਏ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਪ੍ਰਬੰਧ ਕਰ ਲਏ ਹਨ ਅਤੇ ਸੂਬਾ ਸਰਕਾਰ ਨੇ ਬੀਜ ਤਿਆਰ ਕਰਨ ਵਾਲੀਆਂ ਮੁਲਕ ਦੀਆਂ ਮੋਹਰੀ ਕੰਪਨੀਆਂ ਪਾਸੋਂ ਬੀ.ਟੀ. ਕਾਟਨ ਦੇ 21.5 ਲੱਖ ਪੈਕੇਟਾਂ ਦੀ ਵਿਵਸਥਾ ਵੀ ਕਰ ਲਈ ਹੈ।
ਉਨ•ਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਸਬੰਧਤ ਵਿਭਾਗਾਂ ਦੀ ਸਹਾਇਤਾ ਨਾਲ ਖਾਲੀ ਪਲਾਟਾਂ, ਸੜਕਾਂ ਦੇ ਆਸੇ-ਪਾਸੇ, ਖੁੱਲ•ੇ ਮੈਦਾਨ ਤੋਂ ਨਦੀਨ (ਜਿੱਥੇ ਅਕਸਰ ਚਿੱਟੀ ਮੱਖੀ ਜਮ•ਾਂ ਹੁੰਦੀ ਹੈ) ਹਟਾਉਣ ਲਈ ਵੀ ਜ਼ੋਰਦਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੂਬਾ ਭਰ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਵੀ ਇਸ ਕਾਰਜ ਨੂੰ ਮਿਸ਼ਨ ਦੇ ਤੌਰ ‘ਤੇ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ-ਕਮ-ਨੋਡਲ ਅਫਸਰਾਂ ਨੂੰ ਨਹਿਰਾਂ/ਸੇਮ ਨਾਲਿਆਂ ਦੀ ਸਫਾਈ ਲਈ ਨਹਿਰੀ/ਡਰੇਨੇਜ਼ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ ਤਾਂ ਕਿ ਨਰਮੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਉਣ ਲਈ ਨਹਿਰੀ ਪਾਣੀ ਦੀ ਸਪਲਾਈ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰਾਂ ਅਤੇ ਸਟਾਫ ਨੂੰ ਸੂਬੇ ਵਿੱਚ ਅਣਅਧਿਕਾਰਤ ਨਕਲੀ ਬੀਜ ਦੀ ਸਮਗਲਿੰਗ ‘ਤੇ ਕਰੜੀ ਨਿਗ•ਾ ਰੱਖਣ ਲਈ ਆਖਿਆ ਗਿਆ ਹੈ ਕਿਉਂ ਜੋ ਇਹ ਬੀਜ ਰਸ ਚੂਸਣ ਵਾਲੇ ਕੀੜਿਆਂ ਨੂੰ ਆਕਰਿਸ਼ਤ ਕਰਦਾ ਹੈ ਜਿਸ ਨਾਲ ਫਸਲ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਸੇ ਤਰ•ਾਂ ਬਾਗਬਾਨੀ ਵਿਭਾਗ ਨੂੰ ਫਸਲਾਂ ਅਤੇ ਸਬਜ਼ੀਆਂ ਫਸਲਾਂ ਬਾਰੇ ਵੀ ਬੂਟਿਆਂ ਦੀ ਸੁਰੱਖਿਆ ਵਾਸਤੇ ਕਦਮ ਚੁੱਕਣ ਲਈ ਆਖਿਆ ਗਿਆ ਹੈ।
ਸ੍ਰੀ ਖੰਨਾ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੂੰ ਸਬੰਧਤ ਮੁੱਖ ਖੇਤੀਬਾੜੀ ਅਫਸਰਾਂ ਅਤੇ ਫੀਲਡ ਸਟਾਫ ਨਾਲ ਨਰਮਾ ਪੱਟੀ ਦਾ ਨਿਰੰਤਰ ਦੌਰਾ ਕਰਨ ਦਾ ਜ਼ਿੰਮਾ ਸੌਂਪਿਆ ਹੈ ਤਾਂ ਕਿ ਨਰਮੇ ਦੀ ਬਿਜਾਈ ਮੌਕੇ ਨਰਮਾ ਉਤਪਾਦਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਵਧੀਕ ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਕੋਵਿਡ-19 ਕਾਰਨ ਕਰਫਿਊ/ਤਾਲਾਬੰਦੀ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਬੀਟੀ ਕਪਾਹ ਦੇ ਬੀਜ ਅਤੇ ਖਾਦਾਂ ਆਦਿ ਦੇ ਸਮੇਂ ਸਿਰ ਪ੍ਰਬੰਧ ਕਰਨ ਲਈ ਵਿਸਥਾਰਤ ਯੋਜਨਾ ਤਿਆਰ ਕਰਨ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਕਿਸਾਨਾਂ ਤੋਂ ਬੀਤੇ ਸੀਜ਼ਨ ਦੀ ਬਾਕੀ ਰਹਿੰਦੀ ਕਪਾਹ ਦੀ ਉਪਜ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਲਈ ਭਾਰਤੀ ਕਪਾਹ ਨਿਗਮ (ਸੀਸੀਆਈ) ਨਾਲ ਵੀ ਤਾਲਮੇਲ ਕੀਤਾ ਹੈ ਅਤੇ ਇਸ ਲਈ ਕਪਾਹ ਪੱਟੀ ਦੀਆਂ 19 ਮੰਡੀਆਂ ਚਾਲੂ ਕੀਤੀਆਂ ਗਈਆਂ ਹਨ। ਸੀ.ਸੀ.ਆਈ. ਨੇ ਅਗਲੇ ਸੀਜ਼ਨ ਦੌਰਾਨ ਕਪਾਹ ਦੀ ਖਰੀਦ ਲਈ ਆਪਣੇ ਸਮਰਥਨ ਦਾ ਭਰੋਸਾ ਵੀ ਦਿੱਤਾ ਹੈ।
ਭਾਰਤ ਸਰਕਾਰ ਨੇ ਮਾਰਚ ਦੇ ਅਖ਼ੀਰਲੇ ਹਫਤੇ ਸਾਲ 2020 ਲਈ ਬੀਟੀ ਕਪਾਹ ਦੇ ਰੇਟ ਨੋਟੀਫਾਈ ਕੀਤੇ ਹਨ ਅਤੇ ਖੇਤੀਬਾੜੀ ਵਿਭਾਗ ਨੇ 27 ਕੰਪਨੀਆਂ ਨੂੰ ਪੀਏਯੂ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਬੀਟੀ ਕਾਟਨ ਦੀਆਂ ਬੀਜ ਕਿਸਮਾਂ ਅੱਗੇ ਤੁਰੰਤ ਕੰਪਨੀਆਂ ਨੂੰ ਵੇਚਣ ਦੀ ਆਗਿਆ ਦਿੱਤੀ ਹੈ ਅਤੇ ਜ਼ਿਲ•ਾ ਪੱਧਰੀ ਖੇਤੀਬਾੜੀ ਅਧਿਕਾਰੀਆਂ ਨੂੰ ਆਪਣੇ ਜ਼ਿਲਿ•ਆਂ ਵਿੱਚ ਮੰਗ ਅਨੁਸਾਰ ਹੋਰ ਬੀਜ ਆਨਲਾਈਨ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਖੰਨਾ ਨੇ ਅੱਗੇ ਕਿਹਾ ਕਿ ਦੱਖਣੀ ਭਾਰਤ ਦੀਆਂ ਬੀਜ ਤਿਆਰ ਕਰਨ ਵਾਲੀਆਂ ਸਾਰੀਆਂ ਨਾਮੀ ਕੰਪਨੀਆਂ, ਜੋ ਬੀਟੀ ਕਪਾਹ ਦਾ ਬੀਜ ਤਿਆਰ ਕਰਦੀਆਂ ਹਨ, ਨਾਲ ਪੰਜਾਬ ਵਿਚ ਬੀਟੀ ਕਪਾਹ ਦੇ ਬੀਜ ਦੇ 25 ਲੱਖ ਪੈਕਟ ਸਪਲਾਈ ਕਰਨ ਲਈ ਆਨਲਾਈਨ ਸੰਪਰਕ ਕੀਤਾ ਗਿਆ ਹੈ।
ਬਠਿੰਡਾ ਵਿਖੇ ਸੈਂਟਰਲ ਰੇਲ ਪੁਆਇੰਟ ਵਜੋਂ ਸਾਰੀਆਂ ਵੱਡੀਆਂ ਬੀਜ ਕੰਪਨੀਆਂ ਦੇ ਬਫਰ ਗੋਦਾਮ ਹਨ। ਕੰਪਨੀਆਂ ਦੇ ਬਫਰ ਗੋਦਾਮਾਂ ਤੱਕ ਬੀ.ਟੀ. ਕਪਾਹ ਦੇ ਬੀਜਾਂ ਦੀ ਸੁਚੱਜੀ ਸਪਲਾਈ ਅਤੇ ਅੱਗੇ ਬੀਜ ਡੀਲਰਾਂ ਨੂੰ ਸਪਲਾਈ ਲਈ ਜ਼ਿਲ•ਾ ਮੈਜਿਸਟਰੇਟ ਅਤੇ ਸੀ.ਈ.ਓਜ਼ ਜ਼ਰੀਏ ਕੰਪਨੀਆਂ ਨਾਲ ਰੋਜ਼ਾਨਾ ਆਨਲਾਈਨ ਸੰਪਰਕ ਬਣਾਇਆ ਜਾਂਦਾ ਹੈ । ਸਿੱਟੇ ਵਜੋਂ, ਸੂਬਾ ਬੀਟੀ ਕਪਾਹ ਬੀਜ ਦੇ 21 ਲੱਖ ਪੈਕੇਟ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ ਹੈ ਅਤੇ ਬਾਕੀ ਬੀਜ ਕੰਪਨੀਆਂ ਦੁਆਰਾ ਹਰਿਆਣਾ / ਰਾਜਸਥਾਨ ਦੇ ਬਫਰ ਗੋਦਾਮਾਂ ਵਿਚ ਰਾਖਵੇਂ ਰੱਖੇ ਗਏ ਹਨ ਜਾਂ ਟਰਾਂਜਿਟ ਅਧੀਨ ਹਨ। 21 ਲੱਖ ਪੈਕੇਟਾਂ ਵਿੱਚੋਂ 12.75 ਲੱਖ ਪੈਕੇਟ ਡੀਲਰ ਪੁਆਇੰਟਾਂ ‘ਤੇ ਪਹੁੰਚਾਏ ਗਏ ਹਨ ਅਤੇ ਕੋਵਿਡ-19 ਦੇ ਮੱਦੇਨਜ਼ਰ ਜਾਰੀ ਐਡਵਾਇਜ਼ਰੀ ਅਨੁਸਾਰ ਬੀਜ ਡੀਲਰਾਂ ਨੇ ਇਨ•ਾਂ ਵਿਚੋਂ 3.25 ਲੱਖ ਪੈਕੇਟ ਕਿਸਾਨਾਂ ਨੂੰ ਘਰ ਘਰ ਪਹੁੰਚਾ ਦਿੱਤੇ ਹਨ।
ਕਾਬਲੇਗੌਰ ਹੈ ਕਿ ਨੀਤੀ ਆਯੋਗ ਨੇ ਟਿਕਾਊ ਵਿਕਾਸ ਟੀਚੇ (ਐਸ.ਡੀ.ਜੀਜ਼) ਨਿਰਧਾਰਤ ਕੀਤੇ ਹਨ। ਉਤਪਾਦਨ ਵਿੱਚ ਵਾਧੇ, ਗਰੀਬੀ ਨੂੰ ਦੂਰ ਕਰਨਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁੱਖ ਸੰਕੇਤਕ ਫਸਲੀ ਵਿਭਿੰਨਤਾ ਹੈ, ਜੋ ਪ੍ਰਗਤੀ ਅਧੀਨ ਹੈ।
——–