ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਸ਼ੂਗਰਫੈਡ ਵੱਲੋਂ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ 100 ਕਰੋੜ ਰੁਪਏ ਜਾਰੀ

0
9

ਚੰਡੀਗੜ੍ਹ, 2 ਜੁਲਾਈ (ਸਾਰਾ ਯਹਾ /ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਹਿਕਾਰਤਾ ਮੰਤਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਰਾਹੀਂ ਕਿਸਾਨਾਂ ਦੀਆਂ ਸਾਲ 2019-20 ਲਈ ਅਦਾਇਗੀਆਂ ਤੁਰੰਤ ਕਰਨਾ ਯਕੀਨੀ ਬਣਾਉਣ। ਖੰਡ ਮਿੱਲਾਂ ਨੂੰ ਸ਼ੂਗਰਫੈਡ ਵੱਲੋਂ 100 ਕਰੋੜ ਜਾਰੀ ਕੀਤੇ ਗਏ।
        ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਸ਼ੂਗਰਫੈਡ ਵੱਲੋਂ ਸਾਲ 2019-20 ਦੇ ਪਿੜਾਈ ਸੀਜ਼ਨ ਲਈ ਕਿਸਾਨਾਂ ਨੂੰ ਅਦਾਇਗੀਆਂ ਦੇਣ ਲਈ 100 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
        ਮੁੱਖ ਮੰਤਰੀ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਉਹ ਸਹਿਕਾਰੀ ਮਿੱਲਾਂ ਨੂੰ ਨਿਰਦੇਸ਼ ਜਾਰੀ ਕਰਨ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਬਿਨਾਂ ਕਿਸੇ ਦੇਰੀ ਦੇ ਅਦਾਇਗੀ ਕਰਨ।
        100 ਕਰੋੜ ਰੁਪਏ ਜਾਰੀ ਕਰਨ ਦੇ ਨਾਲ ਸਹਿਕਾਰੀ ਖੰਡ ਮਿੱਲਾਂ ਸਾਲ 2019-20 ਦੇ ਪਿੜਾਈ ਸੀਜ਼ਨ ਦੇ ਬਕਾਇਆ ਪਈ 486.23 ਕਰੋੜ ਦੀ ਰਾਸ਼ੀ ਵਿੱਚੋਂ 349.05 ਕਰੋੜ ਰੁਪਏ ਦੀ ਅਦਾਇਗੀ ਕਰ ਸਕੇਗੀ। ਸਾਲ 2018-19 ਦੇ ਸੀਜ਼ਨ ਲਈ ਨਵਾਂ ਸ਼ਹਿਰ, ਬੁੱਢੇਵਾਲ, ਮੋਰਿੰਡਾ, ਫਾਜ਼ਿਲਕਾ, ਗੁਰਦਾਸਪੁਰ, ਅਜਨਾਲਾ, ਨਕੋਦਰ, ਭੋਗਪੁਰ ਤੇ ਬਟਾਲਾ ਦੀਆਂ ਖੰਡ ਮਿੱਲਾਂ ਵੱਲੋਂ ਪਹਿਲਾਂ ਹੀ ਭੁਗਤਾਨ ਕਰ ਦਿੱਤੇ ਗਏ ਹਨ।
        ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਲ 2019-20 ਦੀ ਬਾਕੀ ਬਚਦੀ ਅਦਾਇਗੀ ਦਾ ਵੀ ਜਲਦੀ ਭੁਗਤਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਦੇ ਖੰਡ ਨਿਰਯਾਤ ਸਬਸਿਡੀ ਤੇ ਬਫਰ ਸਟਾਕ ਦੇ ਦਾਅਵੇ ਵਜੋਂ ਭਾਰਤ ਸਰਕਾਰ ਵੱਲੋਂ ਕੀਤੀ ਜਾਣ ਵਾਲੀ 60 ਕਰੋੜ ਰੁਪਏ ਦੀ ਰਾਸ਼ੀ ਦਾ ਤੁਰੰਤ ਭੁਗਤਾਨ ਕਰਨ ਲਈ ਕੇਂਦਰ ਕੋਲ ਪਹੁੰਚ ਕੀਤੀ ਜਾਵੇਗੀ ਤਾਂ ਜੋ ਗੰਨਾ ਕਾਸ਼ਤਕਾਰਾਂ ਦੇ ਬਣਦੇ ਬਕਾਏ ਦੀ ਅਦਾਇਗੀ ਛੇਤੀ ਤੋਂ ਛੇਤੀ ਕੀਤੀ ਜਾਵੇਗੀ।
        ਸ. ਰੰਧਾਵਾ ਨੇ ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੇ ਲੌਕਡਾਊਨ ਕਾਰਨ ਸਰਕਾਰੀ ਮਾਲੀਏ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਗੰਨਾ ਕਿਸਾਨਾਂ ਦੇ ਬਕਾਏ ਦਾ ਜਲਦੀ ਭੁਗਤਾਨ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here