
ਚੰਡੀਗੜ੍ਹ, 29 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 400 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਫਲੀਟ ਵਿੱਚ ਪਹਿਲੀ ਦਫ਼ਾ ਇੱਕ ਵਾਰ `ਚ ਸ਼ਾਮਲ ਕੀਤੀਆਂ ਜਾ ਰਹੀਆਂ ਕੁੱਲ 842 ਆਧੁਨਿਕ ਬੱਸਾਂ ਦੇ ਹਿੱਸੇ ਵਜੋਂ 58 ਨਵੀਆਂ ਬੱਸਾਂ ਨੂੰ ਫਲੀਟ ਵਿੱਚ ਸ਼ਾਮਲ ਕੀਤਾ ਅਤੇ ਖੁਦ ਬੱਸ ਚਲਾ ਕੇ ਇਨ੍ਹਾਂ ਨਵੀਆਂ ਬੱਸਾਂ ਦੇ ਕਾਫ਼ਲੇ ਨੂੰ ਇੱਥੇ ਆਪਣੀ ਸਰਕਾਰੀ ਰਿਹਾਇਸ਼ ਤੋਂ ਰਵਾਨਾ ਕੀਤਾ।ਪੀ.ਆਰ.ਟੀ.ਸੀ. ਲਈ 30 ਬੱਸਾਂ ਅਤੇ ਪਨਬਸ ਲਈ 28 ਬੱਸਾਂ ਦੇ ਪਹਿਲੇ ਫਲੀਟ ਨੂੰ ਸ਼ਾਮਲ ਕਰਦੇ ਹੋਏੇ ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਜੋ ਹੁਣ ਨਵੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਆਨੰਦ ਲੈ ਸਕਦੇ ਹਨ। ਉਨ੍ਹਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਪਾਸ ਦੀ ਸਹੂਲਤ ਦਾ ਐਲਾਨ ਵੀ ਕੀਤਾ।ਆਮ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 400 ਕਰੋੜ ਰੁਪਏ ਦੀ ਲਾਗਤ ਨਾਲ 105 ਬੱਸ ਟਰਮੀਨਲਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1406 ਨਵੇਂ ਬੱਸ ਪਰਮਿਟ ਜਾਰੀ ਕਰਨ ਤੋਂ ਇਲਾਵਾ ਸੂਬੇ ਵਿੱਚ 425 ਨਵੇਂ ਬੱਸ ਰੂਟ ਜੋੜੇ ਜਾਣਗੇ।ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਨਿਯਮਾਂ ਵਿਰੁੱਧ ਚੱਲ ਰਹੇ ਬੱਸ ਚਾਲਕਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਤੀਜੇ ਵਜੋਂ ਟਰਾਂਸਪੋਰਟ ਵਿਭਾਗ ਮੁੜ ਪੈਰਾਂ ਸਿਰ ਹੋਇਆ ਹੈ।ਮੁੱਖ ਮੰਤਰੀ ਚੰਨੀ, ਜਿਨ੍ਹਾਂ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ, ਨੇ ਕਿਹਾ ਕਿ ਰਾਜ ਦੇ ਟਰਾਂਸਪੋਰਟ ਨੂੰ ਮਾਫੀਆ ਵਜੋਂ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੇ ਨਤੀਜੇ ਵਜੋਂ ਵਿਭਾਗ ਦੇ ਮਾਲੀਏ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਯਾਤਰੀਆਂ ਨਾਲ ਬੇਇਨਸਾਫ਼ੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇੱਕ ਪਾਰਦਰਸ਼ੀ, ਕੁਸ਼ਲ ਅਤੇ ਪ੍ਰਭਾਵਸ਼ਾਲੀ ਟਰਾਂਸਪੋਰਟ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ।ਮੁੱਖ ਮੰਤਰੀ ਵੱਲੋਂ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਿਆਂ ਟਰਾਂਸਪੋਰਟ

ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ 1.50 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਕਿਹਾ ਕਿ ਅਸੀਂ ਜਲਦੀ ਹੀ ਇਸ ਅੰਕੜੇ ਨੂੰ ਰੋਜ਼ਾਨਾ 2 ਕਰੋੜ ਰੁਪਏ ਤੱਕ ਲੈ ਜਾਵਾਂਗੇ। ਵੜਿੰਗ ਨੇ ਇਸ ਮਹੱਤਵਪੂਰਨ ਮੌਕੇ ਨੂੰ ਲੋਕਾਂ ਦੀ ਸੇਵਾ ਵਿੱਚ ਲਗਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ।ਅੱਜ ਰਵਾਨਾ ਹੋਈਆਂ ਪਨਬਸ ਦੀਆਂ 28 ਬੱਸਾਂ ਵਿੱਚੋਂ ਮੁਕਤਸਰ ਸਾਹਿਬ ਡਿਪੂ ਨੂੰ 13, ਰੂਪਨਗਰ ਡਿਪੂ ਨੂੰ 12 ਅਤੇ ਪਠਾਨਕੋਟ ਨੂੰ 3 ਨਵੀਆਂ ਬੱਸਾਂ ਮਿਲਣਗੀਆਂ। ਇਸੇ ਤਰ੍ਹਾਂ ਪੀ.ਆਰ.ਟੀ.ਸੀ. ਦੀਆਂ 30 ਬੱਸਾਂ ਵਿੱਚੋਂ ਬਠਿੰਡਾ ਅਤੇ ਪਟਿਆਲਾ ਡਿਪੂਆਂ ਨੂੰ 10-10 ਜਦੋਂਕਿ ਫਰੀਦਕੋਟ ਅਤੇ ਬਰਨਾਲਾ ਨੂੰ 5-5 ਬੱਸਾਂ ਮਿਲਣਗੀਆਂ।ਨਵੇਂ ਵਾਹਨ ਬੀ.ਐਸ-6 ਸਿਸਟਮ ਨਾਲ ਲੈਸ ਹਨ ਅਤੇ ਅਤੇ ਇਨ੍ਹਾਂ ਵਿੱਚ ਐਸ.ਸੀ.ਆਰ. ਤਕਨਾਲੋਜੀ ਹੈ ਜੋ ਪ੍ਰਦੂਸ਼ਣ ਦੇ ਨਿਕਾਸ ਨੂੰ ਲਗਭਗ ਨਾ-ਮਾਤਰ ਤੱਕ ਘਟਾ ਦਿੰਦੀ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬੱਸਾਂ ਦੇ ਢਾਂਚੇ ਦਾ ਨਿਰਮਾਣ ਵੀ ਭਾਰਤ ਸਰਕਾਰ ਦੁਆਰਾ ਨੋਟੀਫਾਈ ਏਆਈਐਸ 052 ਬੱਸ ਕੋਡ ਆਫ ਪ੍ਰੈਕਟਿਸ ਨਿਯਮਾਂ ਅਨੁਸਾਰ ਹੈ ਜੋ ਸੜਕ ਆਵਾਜਾਈ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਹਨ। 52 ਸੀਟਾਂ ਵਾਲੀਆਂ ਬੱਸਾਂ ਵਿੱਚ ਹਰ ਸੀਟ `ਤੇ ਪੈਨਿਕ ਬਟਨ ਦੀ ਸਹੂਲਤ ਤੋਂ ਇਲਾਵਾ ਪਨਬੱਸ ਅਤੇ ਪੀ.ਆਰ.ਟੀ.ਸੀ. ਟਰੈਕਰ ਐਪਲੀਕੇਸ਼ਨਾਂ ਰਾਹੀਂ ਬੱਸ ਦੀ ਹਲਚਲ ਨੂੰ ਟਰੈਕ ਕਰਨ ਲਈ ਔਨਲਾਈਨ ਵਿਵਸਥਾ ਹੈ।ਬਾਅਦ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ `ਆਪ` ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ `ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਮਨਸੂਬੇ ਨਾਲ ਓਮੀਕਰੋਨ ਦੇ ਖ਼ਤਰੇ ਦਾ ਡਰ ਬਣਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਕੱਤਰ ਟਰਾਂਸਪੋਰਟ ਕੇ ਸਿਵਾ ਪ੍ਰਸਾਦ, ਡਾਇਰੈਕਟਰ ਟਰਾਂਸਪੋਰਟ ਪਰਮਜੀਤ ਸਿੰਘ, ਚੇਅਰਮੈਨ ਪੀ.ਆਰ.ਟੀ.ਸੀ ਸਤਵਿੰਦਰ ਸਿੰਘ ਚੈੜੀਆਂ, ਐਮ.ਡੀ ਪੀ.ਆਰ.ਟੀ.ਸੀ. ਪਰਨੀਤ ਸ਼ੇਰਗਿੱਲ, ਡਿਪਟੀ ਡਾਇਰੈਕਟਰ ਟਰਾਂਸਪੋਰਟ ਪਰਨੀਤ ਸਿੰਘ, ਸੀ.ਐਸ.ਪੀ.ਓ ਐਨ.ਪੀ. ਸਿੰਘ ਅਤੇ ਟਰਾਂਸਪੋਰਟ ਮੰਤਰੀ ਦੇ ਓ.ਐਸ.ਡੀ. ਜਸਵਿੰਦਰ ਸਿੰਘ ਚਾਹਲ ਮੌਜੂਦ ਸਨ।
