ਚੰਡੀਗੜ੍ਹ (ਸਾਰਾ ਯਹਾਂ) : 24 ਫੁੱਟ ਜ਼ਮੀਨ ਨਾ ਮਿਲਣ ਕਾਰਨ ਜਿਸ ਸੜਕ ਦਾ ਕੰਮ ਪਿੱਛਲੇ 4 ਮਹੀਨੇ ਤੋਂ ਰੁੱਕਿਆ ਹੋਇਆ ਸੀ ਹੁਣ ਸਿਰਫ 6 ਦਿਨਾਂ ਦੇ ਅੰਦਰ ਪੂਰਾ ਹੋ ਜਾਏਗਾ।ਇਸ ਦਾ ਇੱਕ ਵੱਡਾ ਕਾਰਨ ਹੈ ਉਹ ਮੈਰਿਜ ਰਿਜ਼ੋਰਟ ਜਿੱਥੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬੇਟੇ ਦਾ ਵਿਆਹ ਹੈ।
11 ਅਕਤੂਬਰ ਨੂੰ ਮੁੱਖ ਮੰਤਰੀ ਦੇ ਬੇਟੇ ਦੀ ਰਿਸੈਪਸ਼ਨ ਹੈ, ਇਸ ਲਈ ਗਮਾਡਾ ਵੱਲੋਂ ਮੁਹਾਲੀ-ਖਰੜ ਹਾਈਵੇ ਤੋਂ ਲੈ ਕੇ ਤੌਂਗਾ-ਬੂਥਗੜ੍ਹ ਰੋਡ ਤੇ ਸਥਿਤ ਨਿਊ ਚੰਡੀਗੜ੍ਹ ਦੇ ਪੀਸੀਏ ਸਟੇਡਿਅਮ ਨੂੰ ਜੋੜਨ ਵਾਲੀ ਸੜਕ ਤੇ ਕੰਮ ਸ਼ੁਰੂ ਹੋ ਗਿਆ ਹੈ।
ਕਰੀਬ 400 ਮੀਟਰ ਲੰਬੇ ਇਸ ਪੈਚ ਨੂੰ ਪਿੱਛਲੇ 4 ਮਹੀਨੇ ਤੋਂ ਪੁੱਟ ਕੇ ਛੱਡਿਆ ਹੋਇਆ ਸੀ।ਪਰ ਹੁਣ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਸੜਕ 10 ਅਕਤੂਬਰ ਤੋਂ ਪਹਿਲਾਂ ਬਣ ਕੇ ਤਿਆਰ ਹੋ ਜਾਣੀ ਚਾਹੀਦੀ ਹੈ।ਫਿਲਹਾਲ ਸਿੰਗਲ ਰੋਡ ਹੋਣ ਕਾਰਨ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਹੋ ਰਹੀਆਂ ਹਨ।ਕਿਉਂਕਿ ਟ੍ਰੈਫਿਕ ਕਾਰਨ ਭਾਰੀ ਜਾਮ ਲਗ ਜਾਂਦਾ ਹੈ।
ਦਰਅਸਲ, ਇਹ ਸੜਕ ਏਅਰਪੋਰਟ ਰੋਡ ਦਾ ਹਿੱਸਾ ਹੈ, ਜੋ ਨਿਊ ਚੰਡੀਗੜ ਦੇ ਪੀਸੀਏ ਸਟੇਡੀਅਮ ਨੂੰ ਜਾਣ ਵਾਲੇ ਰੋਡ ਤੇ ਜਾ ਕੇ ਮਿਲਣਾ ਹੈ।ਇਸ ਲਈ ਇਸ ਨੂੰ ਵੀ 200 ਫੁੱਟ ਚੌੜਾ ਹੀ ਰੱਖਿਆ ਗਿਆ ਹੈ।ਪਰ ਜਦੋਂ ਜ਼ਮੀਨ ਪੈਮਾਇਸ਼ ਕੀਤੀ ਗਈ ਤਾਂ 176 ਫੁੱਟ ਜਗ੍ਹਾ ਹੀ ਮਿਲੀ।400 ਮੀਟਰ ਲੰਬੇ ਪੈਚ ਦਾ ਕੰਮ 24 ਫੁੱਟ ਜ਼ਮੀਨ ਘੱਟ ਪੈਣ ਕਾਰਨ ਰੁੱਕ ਗਿਆ ਸੀ।ਪੁੱਟੀ ਹੋਈ ਸੜਕ ‘ਚ ਪਿਛਲੇ 4 ਮਹੀਨੇ ਤੋਂ ਪਾਣੀ ਭਰਿਆ ਪਿਆ ਸੀ।
ਸੋਮਵਾਰ ਨੂੰ ਸੜਕ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ।ਗਮਾਡਾ ਦੇ ਇੰਜੀਨਿਅਰ ਅਤੇ ਲੈਂਡ ਐਕਵੀਜਿਸ਼ਨ ਵਿੰਗ ਦੇ ਅਧਿਕਾਰੀ ਕੰਮ ਕਰਨ ਵਿੱਚ ਜੁੱਟ ਗਏ।ਇਸ ਦੌਰਾਨ 3 ਪੌਕਲੇਨ ਮਸ਼ੀਨਾਂ ਅਤੇ 15 ਟਿੱਪਰਾਂ ਨੂੰ ਕੰਮ ਤੇ ਲਗਾ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਿਕ 42-42 ਫੁੱਟ ਦੇ ਮੇਨ ਕੈਰੇਜ ਅਤੇ 22-22 ਫੁੱਟ ਦੇ ਸਰਵਿਸ ਲੇਨ ਬਣਾਏ ਜਾਣਗੇ।ਜੋ ਲਿਟਿਗੇਸ਼ਨ ਦਾ ਏਰੀਆ ਹੈ।ਉਸ ਤੇ ਬਾਅਦ ਵਿੱਚ ਕੰਮ ਕੀਤਾ ਜਾਏਗਾ।