\13,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਹੈ ਕਿ ਵੀਆਈਪੀ ਮੂਵਮੈਂਟ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ। ਉਨ੍ਹਾਂ ਚੰਡੀਗੜ੍ਹ ‘ਚ ਕਿਹਾ ਕਿ ਮੇਰੇ ਕੋਲ 11 ਵਜੇ ਉਡਾਣ ਭਰਨ ਤੇ ਉਤਰਨ ਦੀ ਇਜਾਜ਼ਤ ਸੀ, ਜੋ ਰੱਦ ਕਰ ਦਿੱਤੀ ਗਈ।
ਮੁੱਖ ਮੰਤਰੀ ਚੰਨੀ ਨੇ ਕਿਹਾ, “ਮੈਂ 11 ਵਜੇ ਉਡਾਣ ਭਰਨੀ ਸੀ, ਪਰ ਹੈਲੀਕਾਪਟਰ ਚਾਲਕ ਨੇ ਅਚਾਨਕ ਇਨਕਾਰ ਕਰ ਦਿੱਤਾ…ਮੇਰੇ ਚਾਰ ਘੰਟੇ ਬਰਬਾਦ ਹੋ ਗਏ। ਮੇਰੇ ਕੋਲ 11 ਵਜੇ ਉਡਾਣ ਤੇ ਉਤਰਨ ਦੀ ਇਜਾਜ਼ਤ ਸੀ, ਜੋ ਰੱਦ ਹੋ ਗਈ। ਲੋਕ ਸਾਰੀ ਰਾਜਨੀਤੀ ਸਮਝਦੇ ਹਨ। ਸੀਐਮ ਚੰਨੀ ਦੀ ਅੱਜ ਹੁਸ਼ਿਆਰਪੁਰ ਵਿੱਚ ਰੈਲੀ ਸੀ। ਹਾਲਾਂਕਿ ਦੋਸ਼ ਹੈ ਕਿ ਉਨ੍ਹਾਂ ਦੇ ਹੈਲੀਕਾਪਟਰ ਨੂੰ ਟੇਕ ਆਫ ਤੇ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਮੁੱਖ ਮੰਤਰੀ ਰੈਲੀ ‘ਚ ਸ਼ਾਮਲ ਨਹੀਂ ਹੋ ਸਕੇ।
ਰੈਲੀ ‘ਚ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ ਸੀਐਮ ਸਾਹਿਬ ਨੇ ਵੀ ਇੱਥੇ ਆਉਣਾ ਸੀ। ਇੱਥੇ ਉਨ੍ਹਾਂ ਦਾ ਪ੍ਰੋਗਰਾਮ ਵੀ ਸੀ। ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਸ ਸਰਕਾਰ ਨੇ ਚਰਨਜੀਤ ਚੰਨੀ ਦੀ ਹੁਸ਼ਿਆਰਪੁਰ ਆਉਣ ਦੀ ਇਜਾਜ਼ਤ ਰੱਦ ਕਰ ਦਿੱਤੀ। ਜੇਕਰ ਚੋਣ ਕਮਿਸ਼ਨ ਇਸ ਗੱਲ ਦਾ ਨੋਟਿਸ ਨਹੀਂ ਲੈਂਦਾ ਤਾਂ ਮੈਂ ਸਮਝਦਾ ਹਾਂ ਕਿ ਸਮੁੱਚਾ ਲੋਕਤੰਤਰ ਜਾਂ ਜੋ ਚੋਣਾਂ ਹੋ ਰਹੀਆਂ ਹਨ, ਉਹ ਪੂਰੀ ਤਰ੍ਹਾਂ ਝੂਠ ਹੈ, ਪੂਰੀ ਤਰ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ‘ਚ ‘ਨਵੀਂ ਸੋਚ ਨਵਾਂ ਪੰਜਾਬ’ ਰੈਲੀ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਪਹੁੰਚੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਪੰਜਾਬ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਸ ਸਬੰਧੀ ਜਲੰਧਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰੈਲੀ ‘ਚ 25 ਹਜ਼ਾਰ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਹਾਲਾਂਕਿ ਭਾਜਪਾ ਵੱਲੋਂ ਰੈਲੀ ਵਿੱਚ 40 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।